ਬਸੀਰਹਾਟ (ਪੱਛਮੀ ਬੰਗਾਲ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਚੱਕਰਵਾਤ ਅਮਫਾਨ ਤੋਂ ਪ੍ਰਭਾਵਤ ਪੱਛਮੀ ਬੰਗਾਲ ਲਈ 1000 ਕਰੋੜ ਰੁਪਏ ਦੀ ਅਗਾਊਂ ਅੰਤਰਿਮ ਸਹਾਇਤਾ ਦਾ ਐਲਾਨ ਕੀਤਾ ਹੈ।
ਉੱਤਰ 24 ਪਰਗਣਾ ਜ਼ਿਲ੍ਹੇ ਦੇ ਬਸੀਰਹਾਟ ਵਿੱਚ ਰਾਜਪਾਲ ਜਗਦੀਪ ਧਨਖੜ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਇੱਕ ਵੀਡੀਓ ਸੰਦੇਸ਼ ਵਿੱਚ ਪੀਐਮ ਮੋਦੀ ਨੇ ਚੱਕਰਵਾਤ ਅਮਫਾਨ ਕਾਰਨ ਹੋਈ ਤਬਾਹੀ ਦੌਰਾਨ ਮਾਰੇ ਗਏ ਹਰੇਕ ਦੇ ਪਰਿਵਾਰ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਲਈ 50,000 ਰੁਪਏ ਮੁਆਵਜ਼ਾ ਦੇਣ ਦਾ ਐਲਾਨ ਵੀ ਕੀਤਾ।
ਸੂਬੇ ਵਿੱਚ ਹੁਣ ਤੱਕ ਇਸ ਭਿਆਨਕ ਚੱਕਰਵਾਤ ਦੇ ਕਾਰਨ ਘੱਟੋ-ਘੱਟ 77 ਵਿਅਕਤੀਆਂ ਦੀ ਮੌਤ ਦੀ ਖਬਰ ਮਿਲੀ ਹੈ। ਉੱਤਰੀ ਅਤੇ ਦੱਖਣੀ 24 ਪਰਗਣਾ, ਪੂਰਬੀ ਅਤੇ ਪੱਛਮੀ ਮਿਦਨਾਪੁਰ, ਕੋਲਕਾਤਾ, ਹਾਵੜਾ ਅਤੇ ਹੁਗਲੀ ਜ਼ਿਲ੍ਹਿਆਂ 'ਚ ਜਨਤਕ ਅਤੇ ਨਿੱਜੀ ਜਾਇਦਾਦ ਨੂੰ ਵੱਡੇ ਪੱਧਰ 'ਤੇ ਨੁਕਸਾਨ ਪਹੁੰਚਿਆ ਹੈ।
ਪੀਐਮ ਮੋਦੀ ਨੇ ਕਿਹਾ, “ਮੈਂ ਸੂਬੇ ਲਈ 1000 ਕਰੋੜ ਰੁਪਏ ਦੀ ਅਗਾਊਂ ਅੰਤਰਿਮ ਸਹਾਇਤਾ ਦੀ ਘੋਸ਼ਣਾ ਕਰਦਾ ਹਾਂ। ਮਕਾਨਾਂ ਨੂੰ ਹੋਏ ਨੁਕਸਾਨ ਤੋਂ ਇਲਾਵਾ ਖੇਤੀਬਾੜੀ, ਬਿਜਲੀ ਅਤੇ ਹੋਰ ਖੇਤਰਾਂ ਨੂੰ ਹੋਏ ਨੁਕਸਾਨ ਬਾਰੇ ਵਿਸਤ੍ਰਿਤ ਸਰਵੇਖਣ ਕੀਤਾ ਜਾਵੇਗਾ।”
ਉਨ੍ਹਾਂ ਕਿਹਾ, “ਦੁੱਖ ਅਤੇ ਨਿਰਾਸ਼ਾ ਦੇ ਇਸ ਸਮੇਂ ਪੂਰਾ ਦੇਸ਼ ਅਤੇ ਕੇਂਦਰ ਬੰਗਾਲ ਦੇ ਲੋਕਾਂ ਦੇ ਨਾਲ ਹੈ।”