ਹਰਿਆਣਾ: ਹਰਿਆਣਾ ਦੇ ਫਤਿਹਾਬਾਦ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਅਤੇ ਗਾਂਧੀ ਪਰਿਵਾਰ 'ਤੇ ਖੂਬ ਜ਼ੁਬਾਨੀ ਹਮਲੇ ਕੀਤੇ। ਹਰਿਆਣਾ ਵਿਖੇ 10 ਲੋਕ ਸਭ ਸੀਟਾਂ 'ਤੇ 12 ਮਈ ਨੂੰ ਅਤੇ ਪੰਜਾਬ ਵਿੱਚ 13 ਲੋਕ ਸਭ ਸੀਟਾਂ 'ਤੇ 19 ਮਈ ਨੂੰ ਚੋਣਾਂ ਹੋਣੀਆਂ ਹਨ। ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1984 ਸਿੱਖ ਦੰਗਿਆਂ 'ਤੇ ਕਾਂਗਰਸ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ 'ਤੇ ਨਿਸ਼ਾਨਾ ਵਿੰਨਦਿਆਂ ਕਿਹਾ ਕਿ ਕਾਂਗਰਸ ਨੂੰ ਲੋਕਾਂ ਦੀਆਂ ਭਾਵਨਾਵਾਂ ਨਾਲ ਕੋਈ ਮਤਲਬ ਨਹੀਂ ਹੈ। ਜਿਸ ਵਿਅਕਤੀ ਦਾ ਨਾਂ ਸਿੱਖ ਦੰਗਿਆਂ ਵਿੱਚ ਆਇਆ ਸੀ, ਉਸਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ।
ਕਰਤਾਰਪੁਰ ਕੋਰੀਡੋਰ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ, 'ਜੇਕਰ ਬੰਟਵਾਰੇ ਸਮੇਂ ਥੋੜਾ ਵੀ ਜ਼ੋਰ ਲਗਾਇਆ ਹੁੰਦਾ ਤਾਂ ਅੱਜ ਕਰਤਾਰਪੁਰ ਸਾਹਿਬ ਭਾਰਤ ਵਿੱਚ ਹੁੰਦਾ। ਉਨ੍ਹਾਂ ਕਿਹਾ ਕਿ ਕਰਤਾਰਪੁਰ ਕੋਰੀਡੋਰ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ।
ਰੈਲੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਮੈਨੂੰ ਪ੍ਰਧਾਨ ਮੰਤਰੀ ਬਣਨ 'ਤੇ 'ਮੋਸਟ ਸਟੂਪਿਡ ਪੀਐਮ' ((Most Stupid PM) ਕਿਹਾ। ਉਨ੍ਹਾਂ ਕਿਹਾ ਕਿ ਮੈਨੂੰ 'ਜਵਾਨਾਂ ਦੇ ਖੂਨ ਦਾ ਦਲਾਲ' ਵੀ ਕਿਹਾ ਗਿਆ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ 'ਤੇ ਹਮਲਾ ਬੋਲਣ ਤੋਂ ਬਾਅਦ ਕਾਂਗਰਸ ਅਤੇ ਭਾਜਪਾ ਵਿਚਕਾਰ ਜ਼ੁਬਾਨੀ ਹਮਲੇ ਹੋਰ ਤੇਜ਼ ਹੋ ਗਏ ਹਨ।