ਨਵੀ ਦਿੱਲੀ: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਕੋਰੋਨਾ ਵਾਇਰਸ ਪੌਜ਼ੀਟਿਵ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੈਕਸ ਹਸਪਤਾਲ ਵਿਖੇ ਪਲਾਜ਼ਮਾ ਥੈਰੇਪੀ ਦਿੱਤੀ ਗਈ ਹੈ। ਵੀਰਵਾਰ ਸ਼ਾਮ ਉਨ੍ਹਾਂ ਨੂੰ ਐਲਐਨਜੇਪੀ ਹਸਪਤਾਲ ਤੋਂ ਤਬਦੀਲ ਕਰ ਦਿੱਤਾ ਗਿਆ ਅਤੇ ਸਾਕੇਤ ਦੇ ਮੈਕਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਦੱਸ ਦਈਏ ਕਿ ਬੁਖ਼ਾਰ ਤੇ ਆਕਸੀਜ਼ਨ ਦੀ ਮਾਤਰਾ ਵਿੱਚ ਕਮੀ ਆਉਣ ਤੋਂ ਬਾਅਦ 23 ਸਤੰਬਰ ਨੂੰ ਉਹ ਐਲਐਨਜੇਪੀ ਹਸਪਤਾਲ ਵਿੱਚ ਭਰਤੀ ਹੋਏ ਸਨ। ਸਿਸੋਦੀਆ ਨੂੰ ਕੋਰੋਨਾ ਦੇ ਨਾਲ-ਨਾਲ ਡੇਂਗੂ ਦੀ ਵੀ ਸ਼ਿਕਾਇਤ ਹੈ।
ਦੱਸਣਯੋਗ ਹੈ ਕਿ ਉਪ ਮੁੱਖ ਮੰਤਰੀ 14 ਸਤੰਬਰ ਕੋਰੋਨਾ ਪੌਜ਼ੀਟਿਵ ਪਾਏ ਗਏ ਸਨ ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖ਼ੁਦ ਟਵੀਟ ਕਰਕੇ ਦਿੱਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹੋਮ ਆਈਸੋਲੇਟ ਕਰ ਦਿੱਤਾ ਗਿਆ ਸੀ ਪਰ 23 ਸਤੰਬਰ ਦਿਨ ਬੁੱਧਵਾਰ ਨੂੰ ਆਕਸੀਜ਼ਨ ਦੀ ਕਮੀ ਤੇ ਬੁਖ਼ਾਰ ਵੱਧ ਜਾਣ ਕਾਰਨ ਉਨ੍ਹਾਂ ਨੂੰ ਐਲਐਨਜੇਪੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਉਹ ਡੇਂਗੂ ਤੇ ਕੋਰੋਨਾ ਦੋਵਾਂ ਵਾਇਰਸਾਂ ਨਾਲ ਜੂਝ ਰਹੇ ਹਨ। ਜਿਸ ਦੇ ਚੱਲਦਿਆਂ ਐਲਐਨਜੇਪੀ ਤੋਂ ਉਨ੍ਹਾਂ ਨੂੰ ਤਬਦੀਲ ਕਰ ਦਿੱਤਾ ਗਿਆ ਤੇ ਅੱਜ ਉਨ੍ਹਾਂ ਦੀ ਮੈਕਸ ਹਸਪਤਾਲ ਵਿੱਚ ਪਲਾਜ਼ਮਾ ਥੈਰੇਪੀ ਕੀਤੀ ਗਈ ਹੈ।