ਨਵੀਂ ਦਿੱਲੀ: ਇਥੋਪੀਆ 'ਚ ਹੋਏ ਭਿਆਨਕ ਜਹਾਜ਼ ਹਾਦਸੇ ਤੋਂ ਬਾਅਦ ਭਾਰਤੀ ਹਵਾਬਾਜ਼ੀ ਅਥਾਰਟੀ ਨੇ ਬੋਇੰਗ 737 ਮੈਕਸ ਜਹਾਜ਼ਾਂ ਦੀ ਵਰਤੋਂ ਕਰਨ ਵਾਲੀ ਏਅਰਲਾਈਨਜ਼ ਤੋਂ ਜਾਣਕਾਰੀ ਮੰਗੀ ਹੈ। ਇਸ ਦੇ ਨਾਲ ਹੀ ਭਾਰਤੀ ਹਵਾਬਾਜ਼ੀ ਅਥਾਰਟੀ ਨੇ ਹੁਕਮ ਦਿੱਤੇ ਹਨ ਕਿ ਬੋਇੰਗ 737 ਮੈਕਸ ਜਹਾਜ਼ ਉਹੀ ਪਾਇਲਟ ਉਡਾ ਸਕੇਗਾ ਜਿਸ ਕੋਲ ਘੱਟੋ ਘੱਟ ਇੱਕ ਹਜ਼ਾਰ ਘੰਟੇ ਜਹਾਜ਼ ਉਡਾਉਣ ਦਾ ਤਜ਼ੁਰਬਾ ਹੋਵੇ।
ਦਰਅਸਲ ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਤੋਂ ਨੈਰੋਬੀ ਲਈ ਉਡਾਨ ਭਰਨ ਦੇ ਕੁਝ ਹੀ ਮਿੰਟਾਂ ਬਾਅਦ ਇਥੋਪੀਅਨ ਏਅਰਲਾਈਨਜ਼ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ 'ਚ ਜਹਾਜ਼ ਵਿਚ ਸਵਾਰ ਚਾਰ ਭਾਰਤੀ ਨਾਗਰਿਕਾਂ ਸਣੇ ਸਾਰੇ 157 ਲੋਕ ਮਾਰੇ ਗਏ ਸਨ। ਇਸ ਹਾਦਸੇ ਦੇ ਕਾਰਨਾਂ ਦਾ ਅਜੇ ਵੀ ਪਤਾ ਨਹੀਂ ਚਲ ਸਕਿਆ ਹੈ।
ਇਥੋਪੀਆ ਏਅਰਲਾਈਨਜ਼ ਵਰਗਾ ਹਾਦਸਾ ਦੂਜੀ ਵਾਰ ਹੋਇਆ ਹੈ। ਇਸ ਤੋਂ ਪਹਿਲਾਂ ਵੀ ਬੋਇੰਗ ਦੇ ਨਵੇਂ ਜਹਾਜ਼ ਦੇ ਉਡਾਣ ਭਰਦਿਆਂ ਹੀ ਉਹ ਕੁੱਝ ਮਿੰਟਾਂ ਬਾਅਦ ਹਾਦਸਾਗ੍ਰਸਤ ਹੋ ਗਿਆ ਸੀ। ਇਸ ਵਿੱਚ ਸਵਾਰ ਸਾਰੇ 189 ਲੋਕਾਂ ਦੀ ਮੌਤ ਹੋ ਗਈ ਸੀ।