ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਪਿਨਾਕੀ ਚੰਦਰ ਘੋਸ਼ ਦੇਸ਼ ਦੇ ਪਹਿਲੇ ਲੋਕਪਾਲ ਹੋ ਸਕਦੇ ਹਨ। ਉਨ੍ਹਾਂ ਦਾ ਨਾਂਅ ਐਤਵਾਰ ਨੂੰ ਇਸ ਅਹੁਦੇ ਲਈ ਪਾਸ ਕੀਤਾ ਗਿਆ। ਜਸਟਿਸ (ਸੇਵਾ–ਮੁਕਤ) ਪੀ.ਸੀ. ਘੋਸ਼ ਦਾ ਨਾਂਅ ਉਨ੍ਹਾਂ 10 ਵਿਅਕਤੀਆਂ ਵਿੱਚ ਸ਼ਾਮਲ ਸੀ, ਜਿਨ੍ਹਾਂ ਨੂੰ ‘ਲੋਕਪਾਲ ਖੋਜ ਕਮੇਟੀ’ ਨੇ ਚੁਣਿਆ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਫ਼ ਜਸਟਿਸ ਰੰਜਨ ਗੋਗੋਈ, ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ, ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਦੀ ਚੋਣ ਕਮੇਟੀ ਨੇ ਉਨ੍ਹਾਂ ਦਾ ਨਾਂ ਤੈਅ ਕੀਤਾ ਤੇ ਸਿਫਾਰਸ਼ ਕੀਤੀ। ਹਾਲਾਂਕਿ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਇਸ ਕਮੇਟੀ ਦੇ ਹਿੱਸਾ ਹਨ, ਪਰ ਮੱਲਿਕਾਰਜੁਨ ਖੜਗੇ ਨੇ ਇਸ ਬੈਠਕ ਵਿੱਚ ਹਿੱਸਾ ਨਹੀਂ ਲਿਆ।
ਪੀਸੀ ਘੋਸ਼ ਮਈ 2017 ’ਚ ਸੁਪਰੀਮ ਕੋਰਟ ਤੋਂ ਸੇਵਾ–ਮੁਕਤ ਹੋਏ ਸਨ ਤੇ ਫਿਰ ਉਹ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨਾਲ ਜੁੜ ਗਏ ਸਨ। ਜਸਟਿਸ ਘੋਸ਼ ਪਹਿਲਾਂ ਕਲਕੱਤਾ ਹਾਈ ਕੋਰਟ ਦੇ ਵੀ ਜੱਜ ਰਹਿ ਚੁੱਕੇ ਹਨ ਤੇ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ ਵੀ ਰਹੇ ਹਨ।