ਨਵੀਂ ਦਿੱਲੀ: ਸ੍ਰੀਨਗਰ ਵਿੱਚ ਜੁੰਮੇ ਦੀ ਨਮਾਜ਼ ਤੋਂ ਬਾਅਦ ਹਿੰਸਕ ਪ੍ਰਦਰਸ਼ਨਾਂ ਦੇ ਖ਼ਦਸ਼ੇ ਨੂੰ ਵੇਖਦਿਆਂ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸ਼ੁੱਕਰਵਾਰ ਨੂੰ ਕਈ ਹਿੱਸਿਆਂ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਪਬੰਦੀਆਂ ਲਗਾ ਦਿੱਤੀਆਂ ਹਨ। ਇੰਨਾ ਹੀ ਨਹੀਂ ਧਾਰਾ 370 ਖ਼ਤਮ ਕੀਤੇ ਜਾਣ ਤੋਂ ਬਾਅਦ ਲਗਾਤਾਰ 89ਵੇਂ ਦਿਨ ਵੀ ਘਾਟੀ ਵਿੱਚ ਬੰਦ ਜਾਰੀ ਰਿਹਾ।
ਪੁਲਿਸ ਮੁਤਾਬਕ ਕਾਨੂੰਨ ਵਿਵਸਥਾ ਦੇ ਅਧੀਨ ਪੈਂਦੇ ਪੁਰਾਣੇ ਸ਼ਹਿਰਾਂ ਵਿੱਚ ਪੰਜ ਥਾਵਾਂ ਦੇ ਇਲਾਕਿਆਂ ਅਤੇ ਸੌਰਾ ਪੁਲਿਸ ਚੌਕੀ ਦੇ ਖੇਤਰਾਂ ਵਿੱਚ ਕੁਝ ਹਿੱਸਿਆਂ ਵਿੱਚ ਪਾਬੰਦੀਆਂ ਲਗਾਈਆਂ ਗਈਆਂ ਹਨ।
ਅਧਿਕਾਰੀਆਂ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਦੋ ਕੇਂਦਰ ਸ਼ਾਸਤ ਸੂਬਿਆਂ ਵਿਚ ਵੰਡੇ ਜਾਣ ਵਿਰੁੱਧ ਹਿੰਸਕ ਪ੍ਰਦਰਸ਼ਨਾਂ ਦਾ ਖ਼ਦਸ਼ਾ ਸੀ ਜਿਸ ਕਾਰਨ ਘਾਟੀ ਵਿਚ ਸੰਵੇਦਨਸ਼ੀਲ ਸਥਾਨਾਂ ਉੱਤੇ ਭਾਰੀ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ।
ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ੍ ਵਿਚ ਬੀਜੇਪੀ ਵਰਕਰਾਂ ਦੀਆਂ 2 ਗੱਡੀਆਂ ਨੂੰ ਅੱਗ ਲਗਾ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਬਾਜ਼ਾਰ ਬੰਦ ਰਹੇ ਅਤੇ ਸੜਕਾਂ ਖ਼ਾਲੀ ਰਹੀਆਂ। ਦਸਵੀਂ ਅਤੇ ਬਾਰ੍ਹਵੀਂ ਦੀ ਬੋਰਡ ਦੀ ਪ੍ਰੀਖਿਆ ਨਿਰਧਾਰਤ ਸਮੇਂ ਮੁਤਾਬਕ ਹੀ ਹੋਈ। ਘਾਟੀ ਵਿੱਚ ਲੈਂਡਲਾਈਨ ਅਤੇ ਪੋਸਟਪੇਡ ਮੋਬਾਈਲ ਸੇਵਾ ਸ਼ੁਰੂ ਹੋ ਚੁੱਕੀ ਹੈ ਪਰ ਇੰਟਰਨੈਟ ਸੇਵਾਵਾਂ 5 ਅਗਸਤ ਤੋਂ ਹੁਣ ਤੱਕ ਠੱਪ ਹਨ।