ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ 2 ਦਿਨ ਦੇ ਸਾਊਦੀ ਦੌਰੇ ਉੱਤੇ ਜਾ ਰਹੇ ਹਨ। ਪਾਕਿਸਤਾਨ ਨੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਜਹਾਜ਼ ਨੂੰ ਸਾਊਦੀ ਅਰਬ ਜਾਣ ਲਈ ਰਸਤਾ ਦੇਣ ਤੋਂ ਇਨਕਾਰ ਦਿੱਤਾ ਹੈ। ਇਸੇ ਨੂੰ ਵੇਖਦਿਆਂ ਭਾਰਤ ਨੇ ਅੰਤਰਰਾਸ਼ਟਰੀ ਸਿਵਲ ਹਵਾਬਾਜ਼ੀ ਸੰਸਥਾ ( ICAO) ਕੋਲ ਪਾਕਿਸਤਾਨ ਦੀ ਸ਼ਿਕਾਇਤ ਦੇ ਦਿੱਤੀ ਹੈ।
ਸੂਤਰਾਂ ਮੁਤਾਬਕ ਕੋਈ ਵੀ ਦੇਸ਼ ਵੀਵੀਆਈਪੀ ਸਪੈਸ਼ਲ ਫਲਾਈਟ ਨੂੰ ਆਮ ਤੌਰ ਉੱਤੇ ਰਸਤਾ ਦਿੰਦੇ ਹਨ। ਫਲਾਈਟ ਦੇ ਰਸਤੇ ਲਈ ਇਜਾਜ਼ਤ ਮੰਗੀ ਜਾਂਦੀ ਹੈ ਤੇ ICAO ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਉਨ੍ਹਾਂ ਦੇਸ਼ਾਂ ਨੂੰ ਇਸ ਦੀ ਇਜਾਜ਼ਤ ਦੇਣੀ ਹੁੰਦੀ ਹੈ।
ਇੱਕ ਅਖਬਾਰ ਮੁਤਾਬਕ, ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੇਸ਼ੀ ਨੇ ਐਲਾਨ ਕੀਤਾ ਹੈ ਕਿ ਪਾਕਿ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਹਾਜ਼ ਲਈ ਰਸਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਫਰਵਰੀ ਵਿਚ ਭਾਰਤੀ ਹਵਾਈ ਫੌਜ ਦੇ ਆਪ੍ਰੇਸ਼ਨ ਬਾਲਾਕੋਟ ਤੋਂ ਬਾਅਦ ਪਾਕਿਸਤਾਨ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਭਾਰਤ, ਬੈਂਕਾਕ ਅਤੇ ਕੁਆਲਾਲੰਪੁਰ ਨੂੰ ਛੱਡ ਕੇ ਹਰੇਕ ਲਈ ਹਵਾਈ ਖੇਤਰ ਖੋਲ੍ਹਿਆ। 15 ਮਈ ਨੂੰ ਪਾਕਿਸਤਾਨ ਨੇ ਦੁਬਾਰਾ 30 ਮਈ ਤੱਕ ਭਾਰਤ ਲਈ ਸਾਰੀਆਂ ਉਡਾਣਾਂ ਲਈ ਰਸਤਾ ਖੋਲ੍ਹਿਆ ਅਤੇ 16 ਜੁਲਾਈ ਨੂੰ ਇਸ ਨੇ ਹਵਾਈ ਖੇਤਰ ਨੂੰ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਸੀ।