ਨਵੀਂ ਦਿੱਲੀ: ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣੀ ਤਣਾਪੂਰਨ ਸਥਿਤੀ ਕਾਰਨ ਪਾਕਿਸਤਾਨ ਨੇ ਲਹੌਰ ਤੋਂ ਅਟਾਰੀ ਤੱਕ ਚੱਲਣ ਵਾਲੀ ਸਮਝੌਤਾ ਐਕਸਪ੍ਰੈਸ ਰੇਲਗੱਡੀ ਰੋਕ ਦਿੱਤੀ ਹੈ। ਹਾਲਾਂਕਿ ਭਾਰਤ ਵੱਲੋਂ ਬੁੱਧਵਾਰ ਨੂੰ ਦਿੱਲੀ ਤੋਂ ਅਟਾਰੀ ਤੱਕ ਚੱਲਣ ਵਾਲੀ ਗੱਡੀ ਰੋਜ਼ਾਨਾ ਦੀ ਤਰ੍ਹਾਂ ਚੱਲੀ।
ਵੀਰਵਾਰ ਨੂੰ ਪਾਕਿਸਤਾਨ ਵੱਲੋਂ ਸਮਝੌਤਾ ਐਕਸਪ੍ਰੈਸ ਨੂੰ ਰੋਕਿਆ ਗਿਆ ਹੈ। ਇਹ ਰੇਲਗੱਡੀ ਹਰ ਵੀਰਵਾਰ ਅਤੇ ਸੋਮਵਾਰ ਨੂੰ ਚੱਲਦੀ ਹੈ। ਰੇਲਵੇ ਮੰਤਰੀ ਪਿਯੂਸ਼ ਗੋਇਲ ਨੇ ਦੱਸਿਆ ਕਿ ਭਾਰਤ ਵੱਲੋਂ ਰੇਲਗੱਡੀ ਦੇ ਸੰਚਾਲਨ ਨੂੰ ਨਹੀਂ ਰੋਕਿਆ ਗਿਆ। ਇਸ ਸਬੰਧੀ ਅੱਗੇ ਕੋਈ ਦਿਸ਼ਾ-ਨਿਰਦੇਸ਼ ਹੋਵੇਗਾ ਤਾਂ ਉਸ ਦੀ ਪਾਲਣਾ ਕੀਤੀ ਜਾਵੇਗੀ।
ਉੱਤਰ ਰੇਲਵੇ ਦੇ ਮੁੱਖ ਜਨਸੰਪਰਕ ਅਧਿਕਾਰੀ ਦੀਪਕ ਕੁਮਾਰ ਨੇ ਦੱਸਿਆ ਕਿ ਭਾਰਤ 'ਚ ਦਿੱਲੀ ਤੋਂ ਅਟਾਰੀ ਤੱਕ ਚੱਲਣ ਵਾਲੀ ਰੇਲਗੱਡੀ ਬੁੱਧਵਾਰ ਰਾਤ 11.20 ਵਜੇ ਦਿੱਲੀ ਤੋਂ ਰਵਾਨਾ ਹੋਈ। ਇਸ 'ਚ ਕੁੱਲ 27 ਯਾਤਰੀ ਸਵਾਰ ਸਨ ਜਿਨ੍ਹਾਂ 'ਚ ਤਿੰਨ ਪਾਕਿਸਤਾਨੀ ਅਤੇ 24 ਭਾਰਤੀ ਨਾਗਰਿਕ ਸ਼ਾਮਲ ਹਨ।
ਦੱਸ ਦੇਈਏ ਕਿ ਸਮਝੌਤਾ ਐਕਸਪ੍ਰੈਸ ਨੂੰ 1976 'ਚ ਸ਼ੁਰੂ ਕੀਤਾ ਗਿਆ ਸੀ। 14 ਫਰਵਰੀ ਨੂੰ ਪੁਲਵਾਮਾ 'ਚ ਹੋਏ ਹਮਲੇ ਤੋਂ ਬਾਅਦ ਯਾਤਰੀਆਂ ਦੀ ਗਿਣਤੀ ਥੋੜੀ ਘਟੀ ਜ਼ਰੂਰ ਸੀ ਪਰ ਭਾਰਤ-ਪਾਕਿਸਤਾਨ ਵਿਚਾਲੇ ਹਾਲਾਤ ਵਿਗੜਣ ਕਾਰਨ ਪਾਕਿਸਤਾਨ ਨੇ ਸਮਝੌਤਾ ਐਕਸਪ੍ਰੈਸ ਨੂੰ ਰੋਕ ਦਿੱਤਾ ਹੈ। ਹਾਲਾਂਕਿ ਦਿੱਲੀ ਤੋਂ ਅਟਾਰੀ ਤੱਕ ਦੀ ਰੇਲ ਸੇਵਾ ਜਾਰੀ ਹੈ।
![undefined](https://s3.amazonaws.com/saranyu-test/etv-bharath-assests/images/ad.png)