ਨਵੀਂ ਦਿੱਲੀ: ਪਾਕਿਸਤਾਨ ਦਾ ਦੋਗਲਾ ਚਿਹਰਾ ਇੱਕ ਵਾਰ ਮੁੜ ਸਾਹਮਣੇ ਆਇਆ ਹੈ। ਅਸਲ ਵਿੱਚ ਪੀਓਕੇ ਦੇ ਹਾਜ਼ੀਪੁਰ ਸੈਕਟਰ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਪਾਕਿਸਤਾਨ ਦੇ ਫ਼ੌਜੀ ਆਪਣੇ ਫ਼ੌਜੀਆਂ ਦੀਆਂ ਲਾਸ਼ਾਂ ਚੁੱਕਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਪਾਕਿਸਤਾਨੀ ਫ਼ੌਜੀ ਹੱਥ ਵਿੱਚ ਸਫ਼ੈਦ ਝੰਡਾ ਫੜੇ ਹੋਏ ਦਿਖ ਰਹੇ ਹਨ, ਜੋ ਰੱਸੀਆਂ ਦੀ ਮਦਦ ਨਾਲ ਆਪਣੇ ਫ਼ੌਜੀਆਂ ਦੀਆਂ ਲਾਸ਼ਾਂ ਨੂੰ ਲੈ ਕੇ ਜਾ ਰਹੇ ਹਨ।
ਭਾਰਤੀ ਫ਼ੌਜ ਨੇ ਸਫ਼ੈਦ ਝੰਡੇ ਨੂੰ ਦੇਖ ਕੇ ਉਨ੍ਹਾਂ ਦਾ ਮਾਣ ਰੱਖਿਆ ਅਤੇ ਉਨ੍ਹਾਂ ਨੇ ਪਾਕਿਸਤਾਨੀ ਫ਼ੌਜੀਆਂ ਉੱਪਰ ਗੋਲੀ ਨਹੀਂ ਚਲਾਈ ਅਤੇ ਉਨ੍ਹਾਂ ਦੇ ਫ਼ੌਜੀਆਂ ਦੀਆਂ ਲਾਸ਼ਾਂ ਲੈ ਕੇ ਜਾਣ ਦਿੱਤਾ। ਇਹ ਪੂਰੀ ਘਟਨਾ ਐੱਲਓਸੀ ਉੱਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਦੱਸ ਦਈਏ ਕਿ ਪਾਕਿਸਤਾਨ ਦੇ ਇਹ ਫ਼ੌਜੀ ਸੀਜ਼ਫ਼ਾਇਰ ਦੇ ਉਲੰਘਣ ਤੋਂ ਬਾਅਦ ਭਾਰਤ ਦੀ ਜਵਾਬੀ ਕਾਰਵਾਈ ਵਿੱਚ ਮਾਰੇ ਗਏ ਸਨ। ਇਸ ਤੋਂ ਪਹਿਲਾਂ ਵੀ ਕੇਰਨ ਸੈਕਟਰ ਤੋਂ ਇੱਕ ਖ਼ਬਰ ਆਈ ਸੀ ਜਿਸ ਵਿੱਚ ਸੀਮਾ ਉੱਤੇ ਮਾਰੇ ਗਏ 5 ਪਾਕਿਸਤਾਨੀ ਫ਼ੌਜੀਆਂ ਦੀਆਂ ਲਾਸ਼ਾਂ ਦਿਖ ਰਹੀਆਂ ਸਨ। ਇਹ 5 ਫ਼ੌਜੀ ਭਾਰਤੀ ਸੀਮਾ ਵਿੱਚ ਵੜਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਪਾਕਿਸਤਾਨ ਭਾਰਤ ਦੇ ਇਸ ਦਾਅਵੇ ਨੂੰ ਨਕਾਰ ਰਿਹਾ ਸੀ।