ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ 550 ਸਾਲਾਂ ਗੁਰੂ ਪੁਰਬ ਨੂੰ ਲੈ ਕੇ ਦੋਹਾਂ ਦੇਸ਼ਾਂ ਭਾਰਤ ਤੇ ਪਾਕਿਸਤਾਨ ਵਿਚਾਲੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਕੰਮ ਜ਼ੋਰਾਂ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਪਾਕਿਸਤਾਨ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਕਰਤਾਰਪੁਰ ਕੋਰੀਡੋਰ ਦੀ ਓਪਨਿੰਗ ਸੈਰੇਮਨੀ ਲਈ ਰਸਮੀ ਤੌਰ ਉੱਤੇ ਸੱਦਾ ਦਿੱਤਾ ਹੈ। ਪਾਕਿ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕਰਤਾਰਪਰ ਲਾਂਘੇ ਦੇ ਪ੍ਰਾਜੈਕਟ ਨੂੰ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਕਹੇ ਮੁਤਾਬਕ ਪੂਰਾ ਕਰ ਦਿੱਤਾ ਜਾਵੇਗਾ।
ਪਿਛਲੇ ਮਹੀਨੇ ਪਾਕਿਸਤਾਨ ਵਲੋਂ ਐਲਾਨਿਆਂ ਗਿਆ ਸੀ ਕਿ ਕਰਤਾਰਪੁਰ ਲਾਂਘਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ 3 ਦਿਨ ਪਹਿਲਾਂ 9 ਨਵੰਬਰ ਨੂੰ ਖੋਲ੍ਹ ਦਿੱਤਾ ਜਾਵੇਗਾ। ਭਾਰਤ ਤੇ ਪਾਕਿਸਤਾਨ ਨੇ ਦੋਵੇਂ ਪਾਸੇ ਗੇਟ ਵੀ ਲਗਾ ਦਿੱਤੇ ਹਨ, ਜਿੱਥੋਂ ਸ਼ਰਧਾਲੂਆਂ ਦਾ ਆਉਣਾ-ਜਾਣਾ ਹੋਵੇਗਾ। ਭਾਰਤ ਵਾਲੇ ਪਾਸੇ, ਡੇਰਾ ਬਾਬਾ ਨਾਨਕ ਵਿਖੇ ਆਉਣ ਵਾਲੀ ਏਕੀਕ੍ਰਿਤ ਚੈਕ ਪੋਸਟ (ਆਈਸੀਪੀ) ਤੋਂ ਅੰਤਰਰਾਸ਼ਟਰੀ ਸਰਹੱਦ ਤੱਕ ਪਹੁੰਚਣ ਦਾ ਕੰਮ ਪੂਰਾ ਹੋਣਾ ਬਾਕੀ ਹੈ। ਲੈਂਡ ਪੋਰਟ ਅਥਾਰਟੀ ਆਫ ਇੰਡੀਆ (ਐਲਪੀਏਆਈ), ਜੋ ਆਈਸੀਪੀ ਦਾ ਨਿਰਮਾਣ ਕਰ ਰਹੀ ਹੈ, ਉਹ ਮਿੱਥੀ ਗਈ ਅੰਤਿਮ ਤਰੀਕ ਤੱਕ ਕੰਮ ਪੂਰਾ ਕਰਨ ਲਈ ਦਿਨ ਰਾਤ ਕੰਮ ਕਰ ਰਹੀ ਹੈ।
ਪਾਕਿਸਤਾਨ ਏਵੇਕਿਊ ਟਰੱਸਟ ਪ੍ਰਾਪਟੀ ਬੋਰਡ ਦੇ ਚੇਅਰਮੈਨ ਅਮੀਰ ਅਹਿਮਦ ਨੇ ਕਿਹਾ ਕਿ, "ਉਨ੍ਹਾਂ ਦਾ ਦੇਸ਼ ਕਰਤਾਰਪੁਰ ਲਾਂਘੇ ਦੇ ਆਪਣੇ ਹਿੱਸੇ ਦਾ ਕੰਮ ਸਮੇਂ ਸਿਰ ਪੂਰਾ ਕਰੇਗਾ। ਯੋਜਨਾ ਮੁਤਾਬਕ ਕੰਮ ਸਹੀ ਚੱਲ ਰਿਹਾ ਹੈ।" ਆਮਿਰ ਨੇ ਕਿਹਾ ਕਿ, "ਪਿਛਲੀਆਂ ਸਾਰੀਆਂ ਉਸਾਰੀ ਯੋਜਨਾਵਾਂ ਦਾ ਪਾਲਣ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਤਰਕਪੂਰਨ ਸਿੱਟੇ ਵਜੋਂ ਲੈ ਜਾਇਆ ਜਾ ਰਿਹਾ ਹੈ।"
ਇਹ ਵੀ ਪੜ੍ਹੋ: ਚੀਨ ਦੇ ਰਾਸ਼ਟਰਪਤੀ ਦਾ ਭਾਰਤ ਦੌਰਾ, ਕੀ ਹੈ ਮੋਦੀ-ਜਿਨਪਿੰਗ ਬੈਠਕ ਦਾ ਏਜੰਡਾ
ਸੀਗੈਲ ਇੰਡੀਆ ਲਿਮਟਿਡ ਦੇ ਉਪ-ਪ੍ਰਧਾਨ ਜੀਤੇਂਦਰ ਸਿੰਘ, ਜਿਨ੍ਹਾਂ ਨੂੰ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਚਾਰ ਮਾਰਗ ਹਾਈਵੇ ਅਤੇ ਬ੍ਰਿਜ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ, ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਨੇ ਆਪਣਾ ਕੰਮ ਪੂਰਾ ਕਰ ਲਿਆ ਹੈ।