ਨਵੀਂ ਦਿੱਲੀ: ਦਿੱਲੀ ਦੀ ਰਾਓਜ ਐਵੀਨਿਊ ਅਦਾਲਤ ਨੇ ਦਿੱਲੀ ਪੁਲਿਸ ਨੂੰ ਆਦੇਸ਼ ਦਿੱਤਾ ਹੈ ਕਿ ਉਹ 1984 ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਗਵਾਹ ਅਤੇ ਵਿਵਾਦਤ ਆਰਮਸ ਡੀਲਰ ਅਭਿਸ਼ੇਕ ਵਰਮਾ ਨੂੰ ਸੁਰੱਖਿਆ ਦੇਵੇ। ਚੀਫ਼ ਮੈਟਰੋਪੋਲੀਟਨ ਮੈਜਿਸਟ੍ਰੇਟ ਹਰਜੋਤ ਸਿੰਘ ਭੱਲਾ ਨੇ ਦਿੱਲੀ ਪੁਲਿਸ ਦੇ ਸਬੰਧਿਤ ਡੀਜੀਪੀ ਨੂੰ ਆਦੇਸ਼ ਕੀਤਾ ਕਿ ਉਹ ਸਿੱਖ ਵਿਰੋਧੀ ਦੰਗਿਆਂ ਦੇ ਕਈ ਮਾਮਲਿਆਂ ਦੀ ਪੈਰਵੀ ਕਰ ਰਹੇ ਵਕੀਲ ਐਚਐਸ ਫੂਲਕਾ ਦੀ ਸੁਰੱਖਿਆ ਦਾ ਮੁਲਾਂਕਣ ਕਰਨ।
ਦੰਗਿਆਂ ਦੇ ਮਾਮਲੇ ਵਿੱਚ ਗਵਾਹ ਅਭਿਸ਼ੇਕ ਵਰਮਾ ਨੇ ਅਦਾਲਤ ਵਿੱਚ ਦਾਇਰ ਪਟੀਸ਼ਨ ਵਿੱਚ ਕਿਹਾ ਸੀ ਕਿ ਉਸਦੀ ਸੁਰੱਖਿਆ ਅਚਾਨਕ ਹਟਾ ਦਿੱਤੀ ਗਈ। ਪਟੀਸ਼ਨ ਵਿੱਚ ਕਿਹਾ ਗਿਆ ਕਿ ਉਸਦੀ ਸੁਰੱਖਿਆ ਦਾ ਮੁਲਾਂਕਣ ਕੀਤੇ ਬਿਨਾਂ ਹੀ ਸੁਰੱਖਿਆ ਨੂੰ ਹਟਾਇਆ ਗਿਆ। ਵਰਮਾ ਨੇ ਕਿਹਾ ਸੀ ਕਿ ਆਈਬੀ ਅਤੇ ਦਿੱਲੀ ਪੁਲਿਸ ਦਾ ਸਪੈਸ਼ਲ ਸੈਲ ਉਨ੍ਹਾਂ ਦੀ ਸੁਰੱਖਿਆ ਦਾ ਮੁੜ ਮੁਲਾਂਕਣ ਕਰੇ।
ਅਭਿਸ਼ੇਕ ਵਰਮਾ ਨੂੰ ਮਿਲੀ ਸੀ ਜਾਨੋਂ ਮਾਰਨ ਦੀ ਧਮਕੀ
ਅਭਿਸ਼ੇਕ ਵਰਮਾ ਨੇ 2017 ਵਿੱਚ ਦਿੱਲੀ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਅਤੇ ਆਪਣੀ ਸੁਰੱਖਿਆ ਵਧਾਏ ਜਾਣ ਦੀ ਮੰਗ ਕੀਤੀ ਸੀ। ਅਭਿਸ਼ੇਕ ਵਰਮਾ ਨੂੰ ਇੱਕ ਈਮੇਲ ਰਾਹੀਂ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਸੀ। ਅਭਿਸ਼ੇਕ ਵਰਮਾ 1 ਨੰਬਰ 1984 ਵਿੱਚ ਦਿੱਲੀ ਦੇ ਪੁਲਬੰਗਸ਼ ਵਿੱਚ ਤਿੰਨ ਸਿੱਖਾਂ ਦੇ ਕਤਲ ਦੇ ਮਾਮਲੇ ਵਿੱਚ ਗਵਾਹ ਹੈ। 1 ਨਵੰਬਰ 1984 ਨੂੰ ਪੁਲਬੰਗਸ਼ ਵਿੱਚ ਜਿਨ੍ਹਾਂ ਸਿੱਖਾਂ ਦਾ ਕਤਲ ਹੋਇਆ ਸੀ, ਉਨ੍ਹਾਂ ਵਿੱਚ ਬਾਦਲ ਸਿੰਘ, ਠਾਕੁਰ ਸਿੰਘ ਅਤੇ ਗੁਰਚਰਨ ਸਿੰਘ ਸ਼ਾਮਲ ਹਨ। ਤਿੰਨਾਂ ਦਾ ਕਤਲ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਕੀਤਾ ਗਿਆ ਸੀ। ਇਸ ਕੇਸ ਨੂੰ ਨਾਨਾਵਤੀ ਕਮਿਸ਼ਨ ਨੇ ਦੁਬਾਰਾ ਖੋਲ੍ਹਣ ਦਾ ਹੁਕਮ ਦਿੱਤਾ ਸੀ।