ਨਵੀਂ ਦਿੱਲੀ: ਵਿਰੋਧੀ ਧਿਰਾਂ ਸੰਸਦ ਵਿੱਚ ਸਰਕਾਰ ਨੂੰ ਕੋਵਿਡ-19 ਮਹਾਂਮਾਰੀ ਨਾਲ ਨਿਪਟਣ, ਅਰਥਵਿਵਸਥਾ ਅਤੇ ਸੂਬਿਆਂ ਨੂੰ ਜੀਐਸਟੀ ਹਾਨੀ, ਚੀਨ ਨਾਲ ਸਰਹੱਦ 'ਤੇ ਤਣਾਅ ਵਰਗੇ ਕੌਮੀ ਸੁਰੱਖਿਆ ਦੇ ਮੁੱਦਿਆਂ 'ਤੇ ਇਕਜੁਟ ਹੋ ਕੇ ਘੇਰਨ 'ਤੇ ਵਿਚਾਰ ਕਰ ਰਹੀਆਂ ਹਨ। ਵੱਖ-ਵੱਖ ਵਿਰੋਧੀ ਧਿਰਾਂ ਦੇ ਆਗੂਆਂ ਵੱਲੋਂ ਸੰਸਦ ਦੇ ਦੋਵਾਂ ਸਦਨਾਂ ਵਿੱਚ ਸਰਕਾਰ ਵਿਰੁੱਧ ਇਕੱਠਿਆਂ ਮੋਰਚਾ ਖੋਲ੍ਹਣ ਲਈ ਇਸ ਹਫ਼ਤੇ ਮੀਟਿੰਗ ਕਰ ਕੇ ਇੱਕ ਸਾਂਝੀ ਰਣਨੀਤੀ ਬਣਾਉਣ ਦੀ ਸੰਭਾਵਨਾ ਹੈ।
ਕੋਵਿਡ-19 ਮਹਾਂਮਾਰੀ ਦੌਰਾਨ ਸੰਸਦ ਦਾ ਮੌਨਸੂਨ ਸੈਸ਼ਨ 14 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਵਾਰੀ ਸਦਨ ਦੀ ਬੈਠਕ ਲਈ ਕਈ ਬਦਲਾਅ ਕੀਤੇ ਗਏ ਹਨ। ਸੂਤਰਾਂ ਨੇ ਦੱਸਿਆ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ 8 ਸਤੰਬਰ ਨੂੰ ਪਾਰਟੀ ਰਣਨੀਤੀ ਸਮੂਹ ਦੀ ਮੀਟਿੰਗ ਸੱਦੀ ਹੈ। ਵਿਰੋਧੀ ਆਗੂ ਚਾਹੁੰਦੇ ਹਨ ਕਿ ਇੱਕੋ ਸੋਚ ਵਾਲੀਆਂ ਧਿਰਾਂ ਨੂੰ ਸੰਸਦ ਵਿੱਚ ਸਰਕਾਰ ਨੂੰ ਘੇਰਨ ਲਈ ਇੱਕ-ਦੂਜੇ ਨਾਲ ਮਿਲ ਕੇ ਤਾਲਮੇਲ ਨਾਲ ਕੰਮ ਕਰਨਾ ਚਾਹੀਦਾ ਹੈ।
ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ, ਸ਼ਿਵ ਸੈਨਾ ਆਗੂ ਊਧਵ ਠਾਕਰੇ ਅਤੇ ਝਾਮੁਮੋ ਦੇ ਹੇਮੰਤ ਸੋਰੇਨ, ਜੇਈਈ/ਨੀਟ ਅਤੇ ਜੀਐਸਟੀ ਮੁੱਦੇ 'ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਵਿਰੋਧੀ ਧਿਰਾਂ ਦੇ ਮੁੱਖ ਮੰਤਰੀਆਂ ਦੀ ਹੁਣੇ ਹੋਈ ਮੀਟਿੰਗ ਦੌਰਾਨ ਇਹ ਵਿਚਾਰ ਸਾਂਝੇ ਕਰ ਚੁੱਕੇ ਹਨ।
ਕਾਂਗਰਸ ਰਣਨੀਤੀ ਸਮੂਹ ਇੱਕ ਵਾਰੀ ਬੈਠਕ ਕਰ ਚੁੱਕਿਆ ਹੈ ਅਤੇ ਇਸ ਦੌਰਾਨ ਸੈਸ਼ਨ ਵਿੱਚ ਚੁੱਕੇ ਜਾਣ ਵਾਲੇ ਮੁੱਦਿਆਂ 'ਤੇ ਚਰਚਾ ਕੀਤੀ ਗਈ। ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਪਾਰਟੀ ਸਹਿਯੋਗੀਆਂ ਅਤੇ ਇੱਕੋ ਸੋਚ ਵਾਲੇ ਦਲਾਂ ਨੂੰ ਸੰਪਰਕ ਕਰਨ ਲਈ ਕਿਹਾ ਗਿਆ ਹੈ ਤਾਂ ਕਿ ਸੰਸਦ ਦੇ ਬਾਹਰ ਅਤੇ ਅੰਦਰ ਸਰਕਾਰ ਵਿਰੁੱਧ ਇਕਜੁਟਤਾ ਵਿਖਾਈ ਜਾਵੇ।
ਮਾਕਪਾ ਆਗੂ ਸੀਤਾਰਾਮ ਯੇਚੁਰੀ ਨੇ ਐਤਵਾਰ ਨੂੰ ਕਿਹਾ ਕਿ ਵਿਰੋਧੀਆਂ ਦੀ ਸਾਂਝੀ ਰਣਨੀਤੀ ਲਈ ਵਿਚਾਰਾਂ ਜਾਰੀ ਹਨ। ਭਾਕਪਾ ਆਗੂ ਡੀ. ਰਾਜਾ ਨੇ ਵੀ ਕਿਹਾ ਹੈ ਕਿ ਇਸ ਸਬੰਧੀ ਵਿਰੋਧੀ ਆਗੂਆਂ ਦੀ ਛੇਤੀ ਮੀਟਿੰਗ ਹੋਵੇਗੀ।
ਚੀਨ, ਕੋਵਿਡ-19, ਫੇਸਬੁੱਕ 'ਤੇ ਹੋ ਸਕਦੀ ਹੈ ਭਖਵੀਂ ਬਹਿਸ
ਪੂਰਬੀ ਲੱਦਾਖ ਵਿੱਚ ਚੀਨ ਨਾਲ ਕੰਟਰੋਲ ਰੇਖਾ (ਐਲਏਸੀ) 'ਤੇ ਵਧੇ ਤਣਾਅ ਸਬੰਧੀ ਵਿਰੋਧੀ ਇਸ ਸਰਕਾਰ ਤੋਂ ਜਵਾਬ ਦੀ ਮੰਗ ਕਰਨਗੇ। ਦੇਸ਼ ਵਿੱਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਬਾਰੇ ਵੀ ਚਰਚਾ ਦੀ ਸੰਭਾਵਨਾ ਹੈ। ਫੇਸਬੁੱਕ ਨੂੰ ਲੈ ਕੇ ਭਖਵੀਂ ਬਹਿਸ ਹੋ ਸਕਦੀ ਹੈ। ਨੀਟ ਸਮੇਤ ਕਈ ਹੋਰ ਪ੍ਰੀਖਿਆਵਾਂ ਕਰਵਾਉਣ ਦਾ ਮੁੱਦਾ ਵੀ ਚੁੱਕਿਆ ਜਾ ਸਕਦਾ ਹੈ। ਵਿਰੋਧੀਆਂ ਨੇ ਦੋਸ਼ ਲਾਇਆ ਹੈ ਕਿ ਕੋਰੋਨਾ ਦੇ ਵਧਦੇ ਮਾਮਲਿਆਂ ਦੌਰਾਨ ਪ੍ਰੀਖਿਆਵਾਂ ਕਰਵਾ ਕੇ ਸਰਕਾਰ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਰਹੀ ਹੈ। ਕਾਂਗਰਸ ਪਿਛਲੇ ਸਮੇਂ ਵਿੱਚ ਸਰਕਾਰ ਦੇ ਜਾਰੀ ਨੋਟੀਫ਼ਿਕੇਸ਼ਨਾਂ ਦਾ ਵਿਰੋਧ ਵੀ ਕਰ ਸਕਦੀ ਹੈ। ਸਰਕਾਰ ਨੇ 11 ਨੋਟੀਫਿਕੇਸ਼ਨ ਜਾਰੀ ਕੀਤੇ ਹਨ।
ਸੂਤਰਾਂ ਨੇ ਦੱਸਿਆ ਕਿ ਰਾਜ ਸਭਾ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਅਤੇ ਰਣਨੀਤੀ ਸਮੂਹ ਦੇ ਸੰਚਾਲਕ ਜੈਰਾਮ ਰਮੇਸ਼ ਨੇ ਪਾਰਟੀ ਦੇ ਆਗੂਆਂ ਨੂੰ ਇਨ੍ਹਾਂ ਨੋਟੀਫਿਕੇਸ਼ਨਾਂ ਦੀ ਲਾਭ-ਹਾਨੀ ਬਾਰੇ ਦੱਸਿਆ ਹੈ। ਇਸ ਸੈਸ਼ਨ ਵਿੱਚ ਪ੍ਰਸ਼ਨ ਕਾਲ ਨੂੰ ਹਟਾਉਣ ਦੇ ਮੁੱਦੇ ਨੂੰ ਵੀ ਵਿਰੋਧੀ ਧਿਰਾਂ ਦੇ ਆਗੂ ਚੁੱਕ ਸਕਦੇ ਹਨ। ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਵਾਰੀ ਪ੍ਰਸ਼ਨਕਾਲ ਨਹੀਂ ਹੋਵੇਗਾ ਅਤੇ ਨਿੱਜੀ ਮਤੇ ਪੇਸ਼ ਨਹੀਂ ਹੋਣਗੇ ਅਤੇ ਜ਼ੀਰੋ ਕਾਲ ਵਿੱਚ ਵੀ ਕਟੌਤੀ ਹੋਵੇਗੀ। ਦੋਵਾਂ ਸਦਨਾਂ ਵਿੱਚ ਕਾਂਗਰਸ ਦੇ ਆਗੂ ਪ੍ਰਸ਼ਨਕਾਲ ਦੀ ਬਹਾਲੀ ਲਈ ਰਾਜਸਭਾ ਦੇ ਪ੍ਰਧਾਨ ਅਤੇ ਲੋਕਸਭਾ ਪ੍ਰਧਾਨ ਨੂੰ ਪੱਤਰ ਲਿਖਣਗੇ। ਸੂਤਰਾਂ ਨੇ ਦੱਸਿਆ ਕਿ ਕਾਂਗਰਸ ਸਰਹੱਦ 'ਤੇ ਚੀਨੀ ਹਮਲਾਵਰ ਰਵਈਏ ਦੇ ਮੁੱਦੇ, ਦੇਸ਼ ਦੀ ਆਰਥਿਕ ਸਥਿਤੀ ਅਤੇ ਜੀਡੀਪੀ ਵਿੱਚ ਗਿਰਾਵਟ, ਬੇਰੁਜ਼ਗਾਰੀ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਦਿੱਕਤਾਂ ਤੋਂ ਇਲਾਵਾ ਸੂਬਿਆਂ ਨੂੰ ਜੀਐਸਟੀ ਹਾਨੀ ਅਤੇ ਫੇਸਬੁੱਕ ਨਾਲ ਜੁੜੇ ਵਿਵਾਦ ਦੇ ਸਬੰਧ ਵਿੱਚ ਪ੍ਰਸਤਾਵ ਦੀ ਮੰਗ ਕਰੇਗੀ।
ਇਸ ਵਾਰੀ ਸੰਸਦ ਦੀ ਬੈਠਕ ਲਈ ਹੋਣਗੇ ਕਈ ਤਰ੍ਹਾਂ ਦੇ ਇੰਤਜਾਮ
ਆਗਾਮੀ ਸੈਸ਼ਨ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਕੋਵਿਡ-19 ਮਹਾਂਮਾਰੀ ਕਾਰਨ ਇਸ ਵਾਰੀ ਸੰਸਦ ਦੀ ਬੈਠਕ ਲਈ ਕਈ ਤਰ੍ਹਾ ਦੇ ਇੰਤਜਾਮ ਕੀਤੇ ਗਏ ਹਨ। ਸੰਸਦ ਮੈਂਬਰਾਂ, ਸਹਾਇਕ ਮੁਲਾਜ਼ਮਾਂ, ਸੁਰੱਖਿਆ ਕਰਮੀਆਂ ਅਤੇ ਮੀਡੀਆ ਕਰਮੀਆਂ ਨੂੰ ਸੈਸ਼ਨ ਤੋਂ ਪਹਿਲਾਂ ਕੋਵਿਡ-19 ਜਾਂਚ ਕਰਵਾਉਣੀ ਪਵੇਗੀ। ਇਸ ਵਾਰੀ ਸੈਸ਼ਨ ਇੱਕ ਅਕਤੂਬਰ ਤੱਕ ਚਲੇਗਾ। ਅਧਿਕਾਰੀਆਂ ਨੇ ਦੱਸਿਆ ਕਿ ਪਹਿਲੇ ਦਿਨ ਨੂੰ ਛੱਡ ਕੇ ਰਾਜ ਸਭਾ ਦੀ ਮੀਟਿੰਗ ਸਵੇਰੇ 9 ਵਜੇ ਤੋਂ ਦੁਪਹਿਰ ਇੱਕ ਵਜੇ ਤੱਕ ਹੋਵੇਗੀ। ਲੋਕ ਸਭਾ ਦੀ ਮੀਟਿੰਗ ਸ਼ਾਮ 3 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਇਹ 7 ਵਜੇ ਤੱਕ ਜਾਰੀ ਰਹੇਗੀ। ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਦੇਹਾਂਤ ਕਾਰਨ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਸਦਨ ਦੀ ਕਾਰਵਾਈ ਮੁਅੱਤਲ ਹੋਣ ਦੀ ਸੰਭਾਵਨਾ ਹੈ।