ਘਾਟਸ਼ਿਲਾ: ਬੀਤੇ ਦਿਨ ਭਾਰਤ ਅਤੇ ਚੀਨੀ ਫੌਜੀਆਂ ਵਿਚਾਲੇ ਹੋਈ ਝੜਪ ਵਿੱਚ ਬਹਰਾਗੌੜਾ ਦਾ ਜਵਾਨ ਗਣੇਸ਼ ਹਾਂਸਦਾ ਸ਼ਹੀਦ ਹੋ ਗਿਆ ਹੈ। ਉਹ ਬਹਾਰਾਗੌੜਾ ਪ੍ਰਖੰਡ ਦੇ ਬਾਂਸਦਾ ਸਥਿਤ ਕਾਰਥਿਲਾ ਪਿੰਡ ਦਾ ਰਹਿਣ ਵਾਲਾ ਸੀ।
ਇਸ ਝੜਪ ਵਿੱਚ ਸਾਹਿਬਗੰਜ ਦੇ ਕੁੰਦਨ ਕੁਮਾਰ ਓਝਾ ਬਹਾਰਾ ਵੀ ਸ਼ਹੀਦ ਹੋਏ ਹਨ। ਕੁੰਦਨ ਸਾਹਿਬਗੰਜ ਜ਼ਿਲ੍ਹੇ ਦੇ ਸਦਰ ਬਲਾਕ ਅਧੀਨ ਪੈਂਦੇ ਹਾਜੀਪੁਰ ਪੱਛਮੀ ਪੰਚਾਇਤ ਦੇ ਦਿਹਾਰੀ ਪਿੰਡ ਦਾ ਰਹਿਣ ਵਾਲਾ ਸੀ।
ਬਹਰਾਗੌੜਾ ਦੇ ਸਾਬਕਾ ਵਿਧਾਇਕ ਕੁਨਾਲ ਸ਼ਾਡੰਗੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਸ਼ਹੀਦ ਦੀ ਸ਼ਹਾਦਤ ਨੂੰ ਸਲਾਮ ਕੀਤਾ ਹੈ।
ਉਨ੍ਹਾਂ ਟਵੀਟ ਕਰਦਿਆਂ ਲਿਖਿਆ, "ਕੱਲ੍ਹ ਗਲਵਾਨ ਘਾਟੀ ਵਿੱਚ ਚੀਨੀਆਂ ਨਾਲ ਮੁਕਾਬਲੇ ਵਿੱਚ ਸ਼ਹੀਦ ਜਵਾਨਾਂ ਦੀ ਸੂਚੀ ਵਿੱਚ ਬਹਰਾਗੌੜਾ ਪ੍ਰਖੰਡ ਦੇ ਬਾਂਸਦਾ ਨਿਵਾਸੀ ਛੋਟੇ ਭਰਾ ਗਣੇਸ਼ ਹਾਂਸਦਾ ਵੀ ਸ਼ਾਮਿਲ ਹਨ। ਅਜਿਹੇ ਵੀਰ ਸਪੂਤ ਨੂੰ ਜਨਮ ਦੇਣ ਵਾਲੇ ਪਿਤਾ ਸੁਬਦਾ ਹਾਂਸਦਾ ਅਤੇ ਮਾਤਾ ਕਾਪਰਾ ਹਾਂਸਦਾ ਨੂੰ ਸਲਾਮ ਕਰਦਾ ਹਾਂ। ਰੱਬ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ। ਜੈ ਹਿੰਦ"
ਦੱਸ ਦਈਏ ਕਿ ਪੂਰਬੀ ਲੱਦਾਖ ਵਿਚ ਸੋਮਵਾਰ ਦੀ ਰਾਤ ਨੂੰ ਗਲਵਾਨ ਘਾਟੀ ਵਿਚ ਚੀਨੀ ਫੌਜੀਆਂ ਨਾਲ ਹੋਈ ਹਿੰਸਕ ਝੜਪ ਵਿਚ ਭਾਰਤੀ ਫੌਜ ਦੇ ਇਕ ਕਰਨਲ ਸਣੇ 20 ਜਵਾਨ ਸ਼ਹੀਦ ਹੋ ਗਏ ਹਨ। 4 ਜਵਾਨਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਸੂਤਰਾਂ ਮੁਤਾਬਕ ਇਸ ਝੜਪ ਵਿੱਚ ਚੀਨ ਦੇ 43 ਜਵਾਨ ਮਾਰੇ ਗਏ ਹਨ।