ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਪੀੜਤਾਂ ਦੀ ਗਿਣਤੀ 11 ਲੱਖ ਤੋਂ ਪਾਰ ਹੋ ਗਈ ਹੈ। ਐਤਵਾਰ ਸ਼ਾਮ ਤੱਕ ਦੇਸ਼ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 1,106,135 ਹੋ ਗਈ ਅਤੇ ਇਸ ਵਾਇਰਸ ਕਾਰਨ ਹੁਣ ਤੱਕ 27,428 ਜਾਨਾਂ ਜਾ ਚੁੱਕੀਆਂ ਹਨ। ਦੇਸ਼ ਵਿੱਚ ਇਸ ਵੇਲ਼ੇ 3,85,257 ਐਕਟਿਵ ਮਰੀਜ਼ ਹਨ ਅਤੇ 6,93,450 ਪੀੜਤ ਸਿਹਤਯਾਬ ਹੋ ਚੁੱਕੇ ਹਨ।
ਮੁੰਬਈ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 1038 ਨਵੇਂ ਮਾਮਲੇ ਸਾਹਮਣੇ ਆਏ ਅਤੇ 64 ਲੋਕਾਂ ਦੀ ਮੌਤ ਹੋ ਗਈ ਹੈ। ਇਸ ਨਾਲ ਮੁੰਬਈ ਵਿੱਚ ਪੀੜਤਾਂ ਦੀ ਗਿਣਤੀ ਵੱਧ ਕੇ 1,01,388 ਹੋ ਗਈ ਹੈ, ਜਦ ਕਿ 5714 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਮੁੰਬਈ ਵਿੱਚ 23,697 ਮਰੀਜ਼ ਐਕਟਿਵ ਹਨ। ਬੀਐਮਸੀ ਦੇ ਅਨੁਸਾਰ ਮਹਾਂਨਗਰ ਵਿੱਚ ਰਿਕਵਰੀ ਦੀ ਦਰ 70 ਫੀਸਦੀ ਹੈ ਅਤੇ ਦੁੱਗਣੀ ਦਰ 55 ਦਿਨ ਹੈ।
ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿੱਚ 31 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਤਵਾਰ ਨੂੰ ਰਾਜਧਾਨੀ ਵਿਚ 1,211 ਨਵੇਂ ਕੋਵਿਡ -19 ਦੇ ਮਾਮਲੇ ਸਾਹਮਣੇ ਆਏ, ਇਹ ਇਕ ਮਹੀਨੇ ਵਿਚ ਸਭ ਤੋਂ ਘੱਟ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਕੁਲ ਕੋਰੋਨਾ ਵਾਇਰਸ ਦੇ ਮਾਮਲੇ 1,22,793 ਤੱਕ ਪਹੁੰਚ ਗਏ। ਸੂਬੇ ਦੇ ਸਿਹਤ ਵਿਭਾਗ ਨੇ ਐਤਵਾਰ ਨੂੰ ਕਿਹਾ ਕਿ ਦਿੱਲੀ ਵਿਚ ਮਰਨ ਵਾਲਿਆਂ ਦੀ ਗਿਣਤੀ 3,628 ਹੋ ਗਈ ਹੈ।
ਐਤਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 310 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 8 ਮਰੀਜ਼ਾਂ ਦੀ ਮੌਤ ਹੋਈ ਹੈ। ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 10100 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 3311 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 254 ਲੋਕਾਂ ਦੀ ਮੌਤ ਹੋਈ ਹੈ।