ਨਵੀਂ ਦਿੱਲੀ: ਕਸ਼ਮੀਰ ਵਿੱਚ ਸੈਲਾਨੀਆਂ ਦੇ ਆਉਣ ਉੱਤੇ ਲੱਗੀ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ। ਹੁਣ 10 ਅਕਤੂਬਰ ਤੋਂ ਕਸ਼ਮੀਰ ਵਿੱਚ ਸੈਲਾਨੀ ਸੈਰ ਸਪਾਟਾ ਲਈ ਆ ਸਕਣਗੇ। ਦੱਸਣਯੋਗ ਹੈ ਕਿ 5 ਅਗਸਤ ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ ਘਾਟੀ ਵਿੱਚ ਸੈਲਾਨੀਆਂ ਦੀ ਆਉਣ 'ਤੇ ਪਾਬੰਦੀ ਲਗਾਈ ਗਈ ਸੀ। ਸੋਮਵਾਰ ਨੂੰ ਰਾਜਪਾਲ ਸੱਤਿਆਪਾਲ ਮਲਿਕ ਨੇ ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਨਿਰਦੇਸ਼ਾਂ ਮੁਤਾਬਕ ਸੈਲਾਨੀਆਂ ਲਈ ਵਾਦੀ 'ਚ ਘੁੰਮਣ ਲਈ ਲੱਗੀ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ।
ਸੱਤਿਆ ਪਾਲ ਮਲਿਕ ਨੇ ਸਲਾਹਕਾਰਾਂ ਅਤੇ ਮੁੱਖ ਸਕੱਤਰ ਨਾਲ ਸਥਿਤੀ ਅਤੇ ਸੁਰੱਖਿਆ ਸਮੀਖਿਆ ਦੀ ਮੀਟਿੰਗ ਵੀ ਕੀਤੀ। ਮੀਟਿੰਗ 'ਚ ਯੋਜਨਾਬੰਦੀ, ਮਕਾਨ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਹਿੱਸਾ ਲਿਆ। ਇੱਥੇ ਉਨ੍ਹਾਂ ਨੂੰ ਬਲਾਕ ਵਿਕਾਸ ਪਰਿਸ਼ਦ (ਬੀਡੀਸੀ) ਦੀਆਂ ਚੋਣਾਂ ਬਾਰੇ ਸੂਚਿਤ ਕੀਤਾ ਗਿਆ ਸੀ।
ਪੀਡੀਪੀ ਦੇ 10 ਮੈਂਬਰੀ ਵਫ਼ਦ ਦੀ ਮਹਿਬੂਬਾ ਮੁਫ਼ਤੀ ਨਾਲ ਮੁਲਾਕਾਤ ਮੁਲਤਵੀ
ਦੱਸਣਯੋਗ ਹੈ ਕਿ ਧਾਰਾ 370 ਨੂੰ ਹਟਾਉਣ ਦੀ ਦਿਸ਼ਾ ਵਿੱਚ ਸਰਕਾਰ ਨੇ ਕੁਝ ਦਿਨ ਪਹਿਲਾਂ ਤੋਂ ਹੀ ਰਾਜ ਵਿੱਚ ਮੌਜੂਦ ਸੈਲਾਨੀਆਂ ਨੂੰ ਵਾਪਸ ਭੇਜਣਾ ਸ਼ੁਰੂ ਕੀਤਾ ਸੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਘਾਟੀ ਵਿੱਚ ਅਮਰਨਾਥ ਯਾਤਰਾ ਲਈ ਪਹੁੰਚੇ ਸਨ ਅਤੇ ਉਨ੍ਹਾਂ ਨੂੰ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ ਬਗੈਰ ਆਪਣੇ ਗ੍ਰਹਿ ਰਾਜਾਂ ਨੂੰ ਪਰਤਣਾ ਪਿਆ ਸੀ। ਜੰਮੂ-ਕਸ਼ਮੀਰ ਦੇ ਸੈਰ-ਸਪਾਟਾ ਵਿਭਾਗ ਨੇ ਸੈਲਾਨੀਆਂ ਨੂੰ ਵਾਪਸ ਸ਼੍ਰੀਨਗਰ ਲਿਆਉਣ ਲਈ ਵੱਖ ਵੱਖ ਥਾਵਾਂ 'ਤੇ ਬੱਸਾਂ ਭੇਜੀਆਂ ਸਨ। ਇੰਨਾ ਹੀ ਨਹੀਂ ਯਾਤਰੀਆਂ ਨੂੰ ਅਮਰਨਾਥ ਦੇ ਰਸਤੇ ਤੋਂ ਬਾਹਰ ਕੱਢਣ ਲਈ ਏਅਰ ਫੋਰਸ ਦੇ ਜਹਾਜ਼ ਵੀ ਤੈਨਾਤ ਕੀਤੇ ਗਏ ਸਨ।