ਚੰਡੀਗੜ੍ਹ: 'ਆਯੁਸ਼ਮਾਨ ਭਾਰਤ' ਸਰਬੱਤ ਸਿਹਤ ਬੀਮਾ ਯੋਜਨਾ ਨੂੰ ਇੱਕ ਸਾਲ ਲਈ ਹੋਰ ਵਧਾਉਂਦਿਆਂ ਪੰਜਾਬ ਵਜ਼ਾਰਤ ਵੱਲੋਂ ਬੁੱਧਵਾਰ ਨੂੰ ਸੂਬਾ ਸਰਕਾਰ ਦੇ ਕਰਮਚਾਰੀਆਂ/ਪੈਨਸ਼ਨਰਾਂ ਅਤੇ ਪ੍ਰਾਈਵੇਟ ਖੇਤਰ/ਬੋਰਡ ਤੇ ਕਾਰਪੋਰੇਸ਼ਨਾਂ ਸਣੇ ਗ਼ੈਰ-ਸਰਕਾਰੀ ਸੰਗਠਿਤ ਖੇਤਰਾਂ ਦੇ ਮੁਲਾਜ਼ਮਾਂ ਨੂੰ ਵੀ ਸਿਹਤ ਬੀਮਾ ਯੋਜਨਾ ਦੇ ਦਾਇਰੇ ਵਿੱਚ ਲਿਆਉਣ ਦਾ ਫ਼ੈਸਲਾ ਕੀਤਾ ਗਿਆ।
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੂੰ ਸਕੀਮ ਦੇ ਘੇਰੇ ਵਿੱਚ ਨਵੇਂ ਵਰਗਾਂ ਨੂੰ ਸ਼ਾਮਲ ਕਰਨ ਲਈ ਵਿਸਥਾਰਤ ਤਜਵੀਜ਼ ਤਿਆਰ ਕਰਨ ਲਈ ਕਿਹਾ ਗਿਆ ਹੈ, ਜਿਸ ਨਾਲ 42.27 ਲੱਖ ਗਰੀਬ ਤੇ ਹੋਰ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ 5 ਲੱਖ ਰੁਪਏ ਦਾ ਬੀਮਾ ਕਵਰ ਦਿੱਤਾ ਜਾਵੇਗਾ। ਮੰਤਰੀ ਮੰਡਲ ਦੇ ਫੈਸਲੇ ਅਨੁਸਾਰ ਸਕੀਮ ਹੁਣ 20 ਅਗਸਤ 2020 ਤੋਂ 19 ਅਗਸਤ 2021 ਤੱਕ ਵਧਾ ਦਿੱਤੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਬੁਲਾਰੇ ਨੇ ਦੱਸਿਆ ਕਿ ਇਸ ਵੇਲੇ ਸਕੀਮ ਅਧੀਨ 42.27 ਲੱਖ ਪਰਿਵਾਰ ਕਵਰ ਕੀਤੇ ਗਏ ਹਨ ਜਦੋਂ ਕਿ 2011 ਦੇ ਸਮਾਜਿਕ-ਆਰਥਿਕ ਜਾਤੀ ਜਨਗਣਨਾ ਅਨੁਸਾਰ 14.86 ਗਰੀਬ ਪਰਿਵਾਰਾਂ ਦੀ ਸ਼ਨਾਖਤ ਕੀਤੀ ਗਈ ਹੈ। ਬਾਕੀ ਬਚਦੇ 16.30 ਲੱਖ ਪਰਿਵਾਰ ਸਮਾਰਟ ਰਾਸ਼ਨ ਕਾਰਡ ਧਾਰਕ ਅਤੇ 11.30 ਲੱਖ ਜੇ.ਫਾਰਮ ਧਾਰਕ ਕਿਸਾਨ, ਤੋਲ ਪਰਚੀ ਵਾਲੇ ਗੰਨਾ ਕਾਸ਼ਤਕਾਰ, ਉਸਾਰੀ ਕਿਰਤੀ, ਮਾਨਤਾ ਪ੍ਰਾਪਤ ਪੱਤਰਕਾਰ ਅਤੇ ਛੋਟੇ ਵਪਾਰੀਆਂ ਦੇ ਪਰਿਵਾਰ ਹਨ।