ਨਵੀਂ ਦਿੱਲੀ: ਚੀਨ ਨਾਲ ਲੱਗਦੀ ਸਰਹੱਦ 'ਤੇ ਚੱਲ ਰਹੇ ਤਣਾਅ ਦੇ ਵਿਚਕਾਰ ਦੇਸ਼ ਦੇ ਕਈ ਸੈਕਟਰਾਂ ਵਿੱਚ ਇਸ ਦੇ ਦਖਲ ਨੂੰ ਘੱਟ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹੁਣ ਚੀਨ ਨੂੰ ਊਰਜਾ ਖੇਤਰ ਤੋਂ ਬਾਹਰ ਕੱਢਣ ਦੀਆਂ ਤਿਆਰੀਆਂ ਵੀ ਜ਼ੋਰਾਂ 'ਤੇ ਹਨ।
ਕੇਂਦਰੀ ਊਰਜਾ ਮੰਤਰੀ ਆਰਕੇ ਸਿੰਘ ਨੇ ਕਿਹਾ ਕਿ ਦੇਸ਼ ਦੇ ਊਰਜਾ ਖੇਤਰ ਵਿੱਚ ਚੀਨ ਤੋਂ ਦਰਾਮਦ ਰੋਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਦੇਸ਼ 'ਚ ਚੀਨੀ ਦਰਾਮਦ ਨਹੀਂ ਹੋਣ ਦਿੱਤੀ ਜਾਵੇਗਾ। ਕੇਂਦਰੀ ਮੰਤਰੀ ਵੀਡੀਓ ਕਾਨਫਰੰਸਿੰਗ ਰਾਹੀਂ ਵਿੱਤ ਰਾਜ ਮੰਤਰੀ ਨਾਲ ਗੱਲਬਾਤ ਕਰ ਰਹੇ ਸਨ, ਜਿਸ ਵਿੱਚ ਉਨ੍ਹਾਂ ਕਿਹਾ ਕਿ ਰਾਜਾਂ ਨੂੰ ਚੀਨ ਤੋਂ ਦਰਾਮਦ ਰੋਕਣੀ ਪਏਗੀ।
ਆਰ ਕੇ ਸਿੰਘ ਨੇ ਕਿਹਾ, ‘ਸਾਲ 2018-19 ਵਿੱਚ ਅਸੀਂ ਊਰਜਾ ਦੇ ਖੇਤਰ ਵਿੱਚ 71,000 ਕਰੋੜ ਰੁਪਏ ਦੀਆਂ ਵਸਤਾਂ ਦੀ ਦਰਾਮਦ ਕੀਤੀ, ਜਿਸ ਵਿਚੋਂ 21,000 ਕਰੋੜ ਚੀਨ ਤੋਂ ਦਰਾਮਦ ਹੋਇਆ ਹੈ। ਅਸੀਂ ਅਜਿਹਾ ਨਹੀਂ ਹੋਣ ਦੇ ਸਕਦੇ। ਜਿਹੜਾ ਦੇਸ਼ ਸਾਡੇ ਫੌਜੀਆਂ 'ਤੇ ਜਾਨਲੇਵਾ ਹਮਲੇ ਕਰ ਰਿਹਾ ਹੈ, ਜਿਹੜਾ ਦੇਸ਼ ਸਾਡੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਕੀ ਅਸੀਂ ਉਸ ਲਈ ਰੁਜ਼ਗਾਰ ਪੈਦਾ ਕਰੀਏ?'
ਉਨ੍ਹਾਂ ਕਿਹਾ, ‘ਅਸੀਂ ਫੈਸਲਾ ਕੀਤਾ ਹੈ ਕਿ ਕੋਈ ਵੀ ਚੀਨ ਤੋਂ ਆਯਾਤ ਨਹੀਂ ਕਰੇਗਾ। ਇਸ ਸੂਚੀ ਵਿੱਚ ਚੀਨ ਅਤੇ ਪਾਕਿਸਤਾਨ ਸ਼ਾਮਲ ਹਨ। ਅਸੀਂ ਤੁਹਾਨੂੰ (ਰਾਜਾਂ) ਚੀਨ ਅਤੇ ਪਾਕਿਸਤਾਨ ਤੋਂ ਆਯਾਤ ਨਹੀਂ ਕਰਨ ਦੇਵਾਂਗੇ।' ਉਨ੍ਹਾਂ ਕਿਹਾ ਕਿ ਚੀਨ "ਆਯਾਤ ਉਪਕਰਣਾਂ ਵਿੱਚ ਮਾਲਵੇਅਰ ਦੇ ਜ਼ਰੀਏ...ਟਰੋਜਨ ਹਾਰਸ ਰਾਹੀ ਰਿਮੋਟ ਤੋਂ ਸਾਡੇ ਸੈਕਟਰ ਨੂੰ ਬੰਦ ਕਰ ਸਕਦਾ ਹੈ।'