ਅੰਮ੍ਰਿਤਸਰ: ਭਾਜਪਾ ਆਗੂ ਨਿਤਿਨ ਗਡਕਰੀ ਅੱਜ ਅੰਮ੍ਰਿਤਸਰ 'ਚ ਭਾਜਪਾ ਨੇਤਾਵਾਂ ਨਾਲ ਮੀਟਿੰਗ ਕਰਨ ਪੁੱਜੇ। ਹੈਰਾਨਗੀ ਦੀ ਗੱਲ ਇਹ ਰਹੀ ਕਿ ਅੰਮ੍ਰਿਤਸਰ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਹਰਦੀਪ ਪੁਰੀ ਦੀ ਚੋਣ ਮੁਹਿੰਮ ਨੂੰ ਹੁੰਗਾਰਾ ਦੇਣ ਲਈ ਉਨ੍ਹਾਂ ਇੱਕ ਵੀ ਸ਼ਬਦ ਬੋਲਣਾ ਮੁਨਾਸਿਫ਼ ਨਹੀਂ ਸਮਝਿਆ। ਮੀਟਿੰਗ ਦੌਰਾਨ ਨਿਤਿਨ ਗਡਕਰੀ ਨੇ ਸਿਰਫ ਸਰਕਾਰ ਦੇ ਪੰਜ ਸਾਲਾਂ ਦੇ ਕੰਮਾਂ ਦਾ ਗੁਣਗਾਨ ਕੀਤਾ।
ਨਿਤਿਨ ਗਡਕਰੀ ਨੇ ਕਿਹਾ ਕਿ ਸਾਲ 2014 ਵਿੱਚ ਚੋਣਾਂ ਹੋਈਆਂ ਸਨ। ਕਾਂਗਰਸ ਦੇ ਖਿਲਾਫ ਭ੍ਰਿਸ਼ਟਾਚਾਰ ਨੂੰ ਲੈਕੇ ਲੋਕਾਂ ਦੇ ਮਨਾਂ ਵਿੱਚ ਰੋਸ ਸੀ ਅਤੇ ਭਾਰਤੀ ਜਨਤਾ ਪਾਰਟੀ ਦੀ ਹਵਾ ਸੀ। ਗਡਕਰੀ ਨੇ ਕਿਹਾ ਕਿ ਜਿਹੜਾ ਕੰਮ ਭਾਜਪਾ ਨੇ ਕੀਤਾ, ਉਸਦੇ ਨਾਂ 'ਤੇ ਹੀ ਵੋਟਾਂ ਦੀ ਮੰਗ ਕੀਤੀ ਜਾ ਰਹੀ ਹੈ।
ਗਡਕਰੀ ਨੇ ਕਿਹਾ ਕਿ ਦਿੱਲੀ ਤੋਂ ਕਟੜਾ ਨੈਸ਼ਨਲ ਹਾਈਵੇ ਬਣਾਇਆ ਜਾ ਰਿਹਾ ਹੈ। ਜਿਸ ਤੋਂ ਬਾਅਦ ਦਿੱਲੀ ਤੋਂ ਅੰਮ੍ਰਿਤਸਰ ਦਾ ਰਸਤਾ 4 ਘੰਟੇ ਦਾ ਰਹਿ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਾਣੀ ਦੀ ਸਮੱਸਿਆ ਵੀ ਹੱਲ ਕੀਤੀ ਜਾਵੇਗੀ।
ਨਿਤਿਨ ਗਡਕਰੀ ਨੇ ਕਿਹਾ ਕਿ ਰਾਜਸਥਾਨ ਫੀਡਰ ਲਈ ਵੀ ਵਿਸ਼ੇਸ਼ ਯੋਜਨਾ ਬਣਾਈ ਗਈ ਹੈ, ਜਿਸ ਨਾਲ ਮਾਲਵਾ ਖੇਤਰ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਹੋਣਗੀਆਂ।
ਨਿਤਿਨ ਗਡਕਰੀ ਨੇ ਅੱਗੇ ਆਪਣੀ ਗੱਲ ਨੂੰ ਜਾਰੀ ਰੱਖਦਿਆਂ ਕਿਹਾ ਕਿ ਪਰਾਲੀ ਨਾਲ ਬਾਇਓ ਸੀਐਨਜੀ ਵੀ ਬਣਾਈ ਜਾ ਰਹੀ ਹੈ। ਗਡਕਰੀ ਨੇ ਕਿਹਾ ਕਿ ਪੰਜਾਬ ਲਈ ਮੋਦੀ ਨੇ ਕਾਫੀ ਕੰਮ ਕੀਤੇ ਹਨ ਅਤੇ ਸਰਕਾਰ ਆਉਣ 'ਤੇ ਵੀ ਕੀਤੇ ਜਾਣਗੇ।