ਮੁੰਬਈ: ਨੈਸ਼ਨਲਿਸਟ ਕਾਂਗਰਸ ਪਾਰਟੀ (ਐਨਸੀਪੀ) ਦੇ ਮੁਖੀ ਸ਼ਰਦ ਪਵਾਰ ਦੀ ਦੱਖਣੀ ਮੁੰਬਈ ਰਿਹਾਇਸ਼ 'ਤੇ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਸਮੇਤ 9 ਵਿਅਕਤੀਆਂ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਹੈ।
ਇਹ ਜਾਣਕਾਰੀ ਬੀਐਮਸੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਦਿੱਤੀ। ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਵਾਰ ਦੀ ਕੋਵਿਡ-19 ਦੀ ਜਾਂਚ ਰਿਪੋਰਟ ਵਿੱਚ ਇਹ ਲਾਗ ਦਾ ਖੁਲਾਸਾ ਨਹੀਂ ਹੋਇਆ ਹੈ, ਪਰ ਉਨ੍ਹਾਂ ਨੂੰ ਅਗਲੇ ਕੁਝ ਦਿਨਾਂ ਲਈ ਸੂਬੇ ਦਾ ਦੌਰਾ ਨਾ ਕਰਨ ਦੀ ਅਪੀਲ ਕੀਤੀ ਜਾਵੇਗੀ।
ਬ੍ਰਹਿਨਮੁੰਬਈ ਮਿਉਂਸੀਪਲ ਕਾਰਪੋਰੇਸ਼ਨ (ਬੀਐਮਸੀ) ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਕੋਰੋਨਾ ਦੀ ਲਾਗ ਲੱਗੀ ਹੈ, ਉਨ੍ਹਾਂ ਵਿੱਚ 3 ਸੁਰੱਖਿਆ ਗਾਰਡ, ਪਵਾਰ ਦੀ ਸਿਲਵਰ ਓਕ ਦੀ ਰਿਹਾਇਸ਼ ਵਿੱਚ ਕੰਮ ਕਰਨ ਵਾਲਾ ਇੱਕ ਰਸੋਈਆ, ਇੱਕ ਡਰਾਈਵਰ ਅਤੇ ਉਸ ਦੀ ਪਤਨੀ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ 39 ਵਿਅਕਤੀਆਂ ਜਿਨ੍ਹਾਂ ਵਿੱਚ ਸੁਰੱਖਿਆ ਅਧਿਕਾਰੀ, ਦਫ਼ਤਰੀ ਕਰਮਚਾਰੀ ਅਤੇ ਮੁੰਬਈ ਵਿੱਚ ਪਵਾਰ ਨਿਵਾਸ ‘ਤੇ ਤਾਇਨਾਤ ਕਰਮਚਾਰੀ ਸ਼ਾਮਲ ਹਨ, ਜਿਨ੍ਹਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿੱਚੋਂ 3 ਵਿਅਕਤੀ ਸੰਕਰਮਿਤ ਪਾਏ ਗਏ ਹਨ। ਇਸ ਦੇ ਨਾਲ ਹੀ 6 ਲੋਕ ਪਹਿਲਾਂ ਹੀ ਕੋਰੋਨਾ ਪੌਜ਼ੀਟਿਵ ਪਾਏ ਗਏ।
ਉਨ੍ਹਾਂ ਕਿਹਾ ਕਿ ਅਸੀਂ ਰਾਜ ਦੇ ਸਿਹਤ ਵਿਭਾਗ ਨੂੰ ਪੁਣੇ ਵਿੱਚ ਸਿਹਤ ਅਤੇ ਮਿਉਂਸੀਪਲ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਵੀ ਕਿਹਾ ਹੈ ਕਿਉਂਕਿ ਪਵਾਰ ਐਤਵਾਰ ਨੂੰ ਉਥੇ ਸੀ। ਜੇ ਉਹ ਕਿਸੇ ਨੂੰ ਉਥੇ ਮਿਲੇ ਸਨ ਤਾਂ ਸਾਵਧਾਨੀ ਦੇ ਤੌਰ 'ਤੇ ਜਾਂਚ ਕਰਵਾਉਣੀ ਚਾਹੀਦੀ ਹੈ।
ਪਵਾਰ ਐਤਵਾਰ ਨੂੰ ਪੁਣੇ ਤੋਂ ਵਾਪਸ ਆਏ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਸਤਾਰਾ ਜ਼ਿਲੇ ਦਾ ਦੌਰਾ ਕੀਤਾ, ਜਿਥੇ ਉਨ੍ਹਾਂ ਨੇ ਰਾਜ ਮੰਤਰੀ ਬਾਲਾਸਹਿਬ ਪਾਟਿਲ ਨਾਲ ਮੁਲਾਕਾਤ ਕੀਤੀ ਸੀ। ਪਾਟਿਲ ਐਨਸੀਪੀ ਆਗੂ ਵੀ ਹਨ। ਉਨ੍ਹਾਂ ਦੀ ਕੋਵਿਡ-19 ਜਾਂਚ ਰਿਪੋਰਟ ਸ਼ੁੱਕਰਵਾਰ ਨੂੰ ਪੌਜ਼ੀਟਿਵ ਆਈ ਸੀ।
ਟੋਪੇ ਨੇ ਕਿਹਾ ਕਿ ਪਵਾਰ ਨੂੰ ਐਤਵਾਰ ਨੂੰ ਜਾਂਚ ਲਈ ਇਥੇ ਬ੍ਰੀਚ ਕੈਂਡੀ ਹਸਪਤਾਲ ਲਿਜਾਇਆ ਗਿਆ ਸੀ। ਉਨ੍ਹਾਂ ਨੂੰ ਵਾਇਰਸ ਦੇ ਸੰਕਰਮਿਤ ਹੋਣ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਟੋਪੇ ਨੇ ਕਿਹਾ ਕਿ ਉਹ ਤੰਦਰੁਸਤ ਅਤੇ ਠੀਕ ਹਨ, ਪਰ ਉਸ ਨੂੰ ਅਗਲੇ ਕੁਝ ਦਿਨਾਂ ਲਈ ਸੂਬੇ ਦੇ ਦੌਰੇ ‘ਤੇ ਨਾ ਜਾਣ ਦੀ ਅਪੀਲ ਕੀਤੀ ਜਾਵੇਗੀ।