ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਵਿੱਚ ਮਿਲੀ ਵੱਡੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਨਾਰਸ ਵਿਖੇ ਬਾਬਾ ਵਿਸ਼ਵਨਾਥ ਦੇ ਦਰਸ਼ਨ ਕਰਨਗੇ ਅਤੇ ਮਾਂ ਦਾ ਆਸ਼ਰਵਾਦ ਵੀ ਲੈਣਗੇ। ਉਧਰ, ਮੋਦੀ ਸਰਕਾਰ ਦੀ ਨਵੀਂ ਕੈਬਨਿਟ ਦੀ ਵੀ ਚਰਚਾ ਹੋ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਮੋਦੀ ਦੀ ਨਵੀਂ ਕੈਬਨਿਟ ਵਿੱਚ ਕੁੱਝ ਨਵੀਂਆਂ ਪਾਰਟੀਆਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਇਨ੍ਹਾਂ ਨਵੀਂਆਂ ਪਾਰਟੀਆਂ ਵਿੱਚ JDU ਅਤੇ AIADMK ਤੋਂ ਇਲਾਵਾਂ ਕੁੱਝ ਛੋਟੀਆਂ ਪਾਰਟੀਆਂ ਨੂੰ ਵੀ ਮੌਕਾ ਮਿਲ ਸਕਦਾ ਹੈ।
ਮੋਦੀ ਦੀ ਨਵੀਂ ਕੈਬਨਿਟ
ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਮੋਦੀ ਸਰਕਾਰ ਦੀ ਨਵੀਂ ਕੈਬਿਨੇਟ ਵਿੱਚ ਦਖਣੀ ਭਾਰਤ ਦੀਆਂ ਪਾਰਟੀਆਂ ਨੂੰ ਨੁਮਾਇੰਦਗੀ ਦਿੱਤੀ ਜਾਵੇਗੀ। ਮੋਦੀ ਦੀ ਵਜ਼ਾਰਤ ਵਿੱਚ ਪੱਛਮੀ ਬੰਗਾਲ ਅਤੇ ਤੇਲੰਗਾਨਾ ਵਰਗੇ ਸੂਬਿਆਂ ਦੇ ਚਿਹਰੇ ਵੀ ਨਜ਼ਰ ਆ ਸਕਦੇ ਹਨ। ਜੇਡੀਯੂ(JDU) ਨੇਤਾ ਨੇ ਦੱਸਿਆ ਕਿ ਕੈਬਨਿਟ ਵਿੱਚ JDU ਨੂੰ ਇੱਕ ਆਹੁਦਾ ਮਿਲਨ 'ਤੇ ਮੋਹਰ ਲੱਗ ਚੁੱਕੀ ਹੈ ਅਤੇ ਇਸ ਤੋਂ ਇਲਾਵਾਂ ਇੱਕ ਰਾਜ ਸੰਤਰੀ ਦਾ ਆਹੁਦਾ ਵੀ ਮਿਲ ਸਕਦਾ ਹੈ।
ਮੋਦੀ ਦੀ ਕੈਬਨਿਟ ਵਿੱਚ ਕੌਣ-ਕੌਣ ਹੋਵੇਗਾ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ ਕਿ ਮੀਡੀਆ ਦੀ ਭਵਿੱਖਬਾਣੀ ਦੇ ਹਿਸਾਬ ਨਾਲ ਮੰਤਰੀ ਆਹੁਦੀਆਂ ਦੀ ਆਸ ਨਾ ਲਗਾਈ ਜਾਵੇ। ਹਲਾਂਕਿ ਇਸ ਵਾਰ ਦੀ ਹੋਈ ਸੰਸਦ ਮੈਂਬਰਾਂ ਦੀ ਮੀਟਿੰਗ ਵਿੱਚ ਇਹ ਸਾਫ਼ ਹੋ ਗਿਆ ਹੈ ਕਿ ਪਿਛਲੀ ਕੈਬਨਿਟ ਦੇ ਕੁੱਝ ਮੰਤਰੀਆਂ ਨੂੰ ਇਸ ਵਾਰ ਦੀ ਕੈਬਨਿਟ ਵਿੱਚ ਵੀ ਮੌਕਾ ਦਿੱਤਾ ਜਾ ਸਕਦਾ ਹੈ।
ਮਿਲੀ ਜਾਣਕਾਰੀ ਮੁਤਾਬਕ ਰਾਜਨਾਥ ਸਿੰਘ, ਨਿਤਿਨ ਗਡਕਰੀ, ਨਿਰਮਲਾ ਸੀਤਾਰਮਨ, ਰਵਿਸ਼ੰਕਰ ਪ੍ਰਸਾਦ, ਪਿਊਸ਼ ਗੋਇਲ, ਨਰਿੰਦਰ ਸਿੰਘ ਤੋਮਰ ਅਤੇ ਪ੍ਰਕਾਸ਼ ਸਿੰਘ ਜਾਵਡੇਕਰ ਪਿਛਲੀ ਕੈਬਿਨਟ ਤੋਂ ਬਾਅਦ ਹੁਣ ਨਵੀਂ ਕੈਬਨਿਟ ਦਾ ਵੀ ਹਿੱਸਾ ਹੋਣਗੇ। ਇੱਕ ਹੋਰ ਚਰਚਾ ਚੱਲ ਰਹੀ ਹੈ ਕਿ ਗਾਂਧੀ ਨਗਰ ਤੋਂ ਵੱਡੀ ਜਿੱਤ ਹਾਸਲ ਕਰਨ ਵਾਲੇ ਅਮਿਤ ਸ਼ਾਹ ਨੂੰ ਵੀ ਨਵੀਂ ਕੈਬਨਿਟ ਵਿੱਚ ਜਗ੍ਹਾ ਮਿਲ ਸਕਦੀ ਹੈ।
ਤੁਹਾਨੂੰ ਦੱਸ ਦਈਏ ਕਿ ਸਿਹਤ ਠੀਕ ਨਾ ਹੋਣ ਦੇ ਚੱਲਦਿਆਂ ਹੋ ਸਕਦਾ ਹੈ ਕਿ ਮੋਦੀ ਦੀ ਨਵੀਂ ਕੈਬਨਿਟ ਵਿੱਚ ਅਰੁਣ ਜੇਤਲੀ ਨੂੰ ਜਗ੍ਹਾ ਨਾ ਮਿਲੇ। ਅਰੁਣ ਜੇਤਲੀ 'ਤੇ ਸਰਕਾਰ ਕਈ ਵਾਰ ਸਪਸ਼ਟੀਕਰਣ ਦੇ ਚੁੱਕੀ ਹੈ ਪਰ ਮੀਡੀਆ 'ਚ ਚਰਚਾ ਹੁਣ ਵੀ ਜਾਰੀ ਹੈ।
ਸੂਤਰਾਂ ਮੁਤਾਬਕ ਲੋਕ ਜਨਸ਼ਕਤੀ ਪਾਰਟੀ ਦੇ ਪ੍ਰਧਾਨ ਰਾਮਵਿਲਾਸ ਪਾਸਵਾਨ ਨੇ ਆਪਣੇ ਬੇਟੇ ਚਿਰਾਗ ਪਾਸਵਾਨ ਨੂੰ ਕੈਬਨਿਟ ਵਿੱਚ ਸ਼ਾਮਲ ਕਰਨ ਦੀ ਇੱਛਾ ਜਤਾਈ ਹੈ। ਪਿਛਲੀ ਕੈਬਨਿਟ ਵਿੱਚ ਰਾਮਵਿਲਾਸ ਪਾਸਵਾਨ ਖ਼ੁਦ ਸ਼ਾਮਲ ਸਨ। ਇਸ ਵਾਰ ਲੋਕ ਜਨਸ਼ਕਤੀ ਪਾਰਟੀ ਨੇ 6 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ ਅਤੇ ਚਿਰਾਗ ਜਮੁਈ ਤੋਂ ਦੂਜੀ ਵਾਰ ਜਿੱਤ ਕੇ ਸੰਸਦ ਪਹੁੰਚੇ ਹਨ।
AIADMK ਇਸ ਵਾਰ ਸਿਰਫ਼ ਇੱਕ ਹੀ ਸੀਟ ਹਾਸਲ ਕਰ ਸਕੀ ਹੈ ਪਰ ਮੋਦੀ ਦੀ ਕੈਬਨਿਟ ਵਿੱਚ ਉਸ ਨੂੰ ਵੀ ਇੱਕ ਮੰਤਰੀ ਦਾ ਅਹੁਦਾ ਦਿੱਤਾ ਜਾਵੇਗਾ, AIADMK ਤਮਿਲਨਾਡੂ ਵਿਖੇ ਸੱਤਾ ਵਿੱਚ ਹੈ ਅਤੇ ਦਖਣੀ ਭਾਰਤ ਵਿੱਚ ਬੀਜੇਪੀ ਦੀ ਭਾਈਵਾਲ ਪਾਰਟੀ ਹੈ। ਪੱਛਮੀ ਬੰਗਾਲ 'ਚ ਭਾਜਪਾ ਦੇ ਚਮਤਕਾਰੀ ਪ੍ਰਦਰਸ਼ਨ ਤੋਂ ਬਾਅਦ ਇੱਥੋਂ ਦੇ ਵੀ ਇੱਕ ਚਿਹਰੇ ਨੂੰ ਮੌਕਾ ਮਿਲ ਸਕਦਾ ਹੈ। ਤੇਲੰਗਾਨਾ ਚੋਂ ਭਾਜਪਾ ਨੂੰ 4 ਸੀਟਾਂ ਹਾਸਲ ਹੋਈਆਂ ਹਨ ਅਤੇ ਕੈਬਨਿਟ ਵਿੱਚ ਇੱਕ ਮੰਤਰੀ ਤੇਲੰਗਾਲਾ ਤੋਂ ਵੀ ਸ਼ਾਮਲ ਕੀਤਾ ਜਾਵੇਗਾ।