ਗੁਵਾਹਾਟੀ: ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਦੀਆਂ ਟੀਮਾਂ ਨੇ ਅਸਾਮ ਵਿੱਚ ਬਰਪੇਟਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਚਾਅ ਕਾਰਜ ਚਲਾਇਆ ਹੈ। ਐਨਡੀਆਰਐਫ ਨੇ ਬਿਆਨ ਵਿੱਚ ਕਿਹਾ, ਬਚਾਅ ਟੀਮਾਂ ਘਟਨਾ ਵਾਲੀ ਥਾਂ ਪਹੁੰਚ ਕੇ 487 ਪਿੰਡ ਵਾਸੀਆਂ ਨੂੰ ਬਾਹਰ ਕੱਢਿਆ ਹੈ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਪਹੁੰਚਾ ਦਿੱਤਾ ਹੈ।
ਟੀਮਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਾਸਕ ਵੰਡਣ, ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਜਾਂਚ ਕਰਨ ਅਤੇ ਕੋਵਿਡ-19 ਐਮਰਜੈਂਸੀ ਕਾਰਨ ਸਹੀ ਸਰੀਰਕ ਦੂਰੀ ਬਣਾਈ ਰੱਖਣ ਵਿਚ ਸਹਾਇਤਾ ਕਰ ਰਹੀਆਂ ਹਨ। ਇਸ ਸਾਲ ਮੌਨਸੂਨ ਸੀਜ਼ਨ ਦੌਰਾਨ 950 ਤੋਂ ਵੱਧ ਫਸੇ ਪਿੰਡ ਵਾਸੀਆਂ ਨੂੰ ਪਹਿਲੀ ਬਟਾਲੀਅਨ ਐਨਡੀਆਰਐਫ ਨੇ ਬਾਹਰ ਕੱਢਿਆ ਸੀ।
ਐਨਡੀਆਰਐਫ ਦੀਆਂ ਕੁੱਲ 11 ਭਾਲ ਅਤੇ ਬਚਾਅ ਟੀਮਾਂ ਅਸਾਮ, ਜੋਰਹਾਟ, ਬੋਂਗਈਗਾਓਂ, ਕਾਮਰੂਪ ਮੈਟਰੋ, ਕਾਮਰੂਪ ਦਿਹਾਤੀ, ਬਕਸਾ, ਬਰਪੇਟਾ, ਕੈਚਰ, ਸਿਵਾਸਾਗਰ, ਸੋਨੀਤਪੁਰ, ਧੇਮਾਜੀ ਅਤੇ ਤਿਨਸੁਕਿਆ ਖੇਤਰਾਂ ਵਿੱਚ ਤਾਇਨਾਤ ਹਨ। ਇਸ ਤੋਂ ਇਲਾਵਾ ਐਨਡੀਆਰਐਫ ਕੰਟਰੋਲ ਰੂਮ ਨੇ ਹੜ੍ਹ ਪ੍ਰਭਾਵਿਤ ਹੋਰ ਇਲਾਕਿਆਂ ਵਿਚ ਨਜ਼ਰ ਰੱਖੀ ਹੋਈ ਹੈ।
ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ, ਅਸਾਮ ਸਟੇਟ ਆਫਤ ਪ੍ਰਤੀਕਰਮ ਫੋਰਸ ਅਤੇ ਸਥਾਨਕ ਪ੍ਰਸ਼ਾਸਨ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਬਚਾਉਣ ਅਤੇ ਰਾਹਤ ਸੇਵਾਵਾਂ ਪ੍ਰਦਾਨ ਕਰਨ ਲਈ ਲਗਾਤਾਰ ਕੰਮ ਕਰ ਰਹੇ ਹਨ, ਜਿਸ ਵਿੱਚ ਪਿੰਡ ਵਾਸੀਆਂ ਨੂੰ ਰਾਹਤ ਸਮੱਗਰੀ ਦੀ ਵੰਡ ਵੀ ਸ਼ਾਮਲ ਹੈ।
ਇਸ ਦੌਰਾਨ ਲਗਾਤਾਰ ਮੀਂਹ ਕਾਰਨ ਕਈ ਉੱਤਰ-ਪੂਰਬੀ ਰਾਜਾਂ ਦੀਆਂ ਕਈ ਨਦੀਆਂ ਲਗਾਤਾਰ ਉਫ਼ਾਨ ਉੱਤੇ ਹਨ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਵਿੱਚ ਹੋਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।