ਗਵਾਲੀਅਰ: ਕੇਂਦਰ ਸਰਕਾਰ ਵੱਲੋਂ ਬਣਾਏ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਸਰਕਾਰ ਵੱਲੋਂ 3 ਦਿਨਾਂ ਦਾ ਵਿਸ਼ੇਸ਼ ਇਜਲਾਸ ਸੱਦ ਕੇ ਪਾਸ ਕੀਤੇ ਨਵੇਂ ਸੋਧ ਬਿੱਲਾਂ 'ਤੇ ਮੋਦੀ ਸਰਕਾਰ ਐਕਸ਼ਨ ਲਈ ਤਿਆਰ ਹੈ। ਇਹ ਦਾਅਵਾ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੇਂਦਰ ਖੇਤੀਬਾੜੀ ਕਾਨੂੰਨਾਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਪ੍ਰਸਤਾਵ 'ਤੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਅਸੀਂ ਕਿਸਾਨਾਂ ਦੇ ਹਿੱਤ 'ਚ ਫ਼ੈਸਲਾ ਲਵਾਂਗੇ।
ਤੋਮਰ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਗਵਾਈ 'ਚ ਕੇਂਦਰ ਸਰਕਾਰ ਕਿਸਾਨਾਂ ਦੇ ਲਾਭ ਲਈ ਖੇਤੀ ਕਾਨੂੰਨ ਲੈ ਕੇ ਆਈ ਹੈ।
ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦਾ ਨਤੀਜਾ ਚੰਗਾ ਆਉਣ ਵਾਲਾ ਹੈ ਪਰ ਕਾਂਗਰਸ ਦੇ ਲੋਕ ਜੋ ਕੰਮ ਆਪਣੇ ਕਾਰਜਕਾਲ 'ਚ ਚਾਹ ਕੇ ਵੀ ਨਹੀਂ ਕਰ ਪਾਏ ਉਹ ਕੰਮ ਮੋਦੀ ਸਰਕਾਰ ਨੇ ਕਰ ਕੇ ਦਿਖਾ ਦਿੱਤਾ ਤਾਂ ਹੁਣ ਉਨ੍ਹਾਂ ਨੂੰ ਤੋਂ ਸਹਿਣ ਨਹੀਂ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਖੇਤੀ ਢਾਂਚਾ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਸਮੇਂ ਦੀ ਲੋੜ ਹੈ। ਜਿਸ ਨਾਲ ਖੇਤੀ ਦੀ ਨੀਂਹ ਪੱਕੇ ਤੌਰ 'ਤੇ ਮਜਬੂਤ ਹੋਵੇਗੀ। ਕਿਸਾਨ ਮਹਿੰਗੀਆਂ ਫ਼ਸਲਾਂ ਵੱਲ ਜਾਣ, ਤਕਨੀਕ ਨਾਲ ਜੁੜਨ, ਉਨ੍ਹਾਂ ਨੂੰ ਫ਼ਸਲ ਦਾ ਸਹੀ ਮੁੱਲ ਮਿਲੇ, ਇਸ ਦੀ ਬਹੁਤ ਲੋੜ ਹੈ। ਖਾਦ ਤੇ ਯੂਰੀਆ ਨੂੰ ਲੈ ਕੇ ਪਹਿਲਾਂ ਬਹੁਤ ਦਿੱਕਤਾਂ ਸਨ ਪਰ ਹੁਣ ਇਹ ਸਮੱਸਿਆ ਖ਼ਤਮ ਹੋ ਚੁੱਕੀ ਹੈ।