ਸੋਲਨ: ਕਨੇਡਾ ਦੀ ਸਰੀ ਨਿਉਟਨ ਸੀਟ ਤੋਂ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਸੁੱਖ ਧਾਲੀਵਾਲ ਸ਼ਨੀਵਾਰ ਨੂੰ ਇੱਕ ਨਿੱਜੀ ਸਮਾਗਮ ਦੀ ਅਗਵਾਈ ਕਰਨ ਲਈ ਸੋਲਨ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁੱਖ ਧਾਲੀਵਾਲ ਨੇ ਪਾਕਿਸਤਾਨ 'ਚ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਹੋਈ ਪੱਥਰਬਾਜ਼ੀ ਨੂੰ ਨਿੰਦਣਯੋਗ ਦੱਸਿਆ ਹੈ।
ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਕਨੇਡਾ ਦੇ ਚੁਣੇ ਹੋਏ ਨੁਮਾਇੰਦੇ ਹਨ। ਕਨੇਡਾ ਵਿੱਚ ਹਰ ਜਾਤੀ, ਵਰਗ ਅਤੇ ਦੇਸ਼ ਦੇ ਲੋਕ ਇੱਕ ਦੂਜੇ ਦੇ ਰਿਵਾਜ਼ਾਂ ਅਤੇ ਧਰਮਾਂ ਦਾ ਸਤਿਕਾਰ ਕਰਦੇ ਹਨ। ਦੂਜੇ ਦੇਸ਼ਾਂ ਨੂੰ ਕਨੇਡਾ ਤੋਂ ਸਿੱਖਣਾ ਚਾਹੀਦਾ ਹੈ ਕਿ ਉਹ ਇੱਕ ਦੂਜੇ ਨਾਲ ਇਕੱਠੇ ਕਿਵੇਂ ਰਿਹਾ ਜਾਂਦਾ ਹੈ।
ਨਨਕਾਣਾ ਸਾਹਿਬ 'ਤੇ ਭੀੜ ਨੇ ਕੀਤਾ ਪਥਰਾਅ
ਕਰਤਾਰਪੁਰ ਲਾਂਘੇ ਦੇ ਉਦਘਾਟਨ ਤੋਂ ਚਾਰ ਦਿਨ ਪਹਿਲਾਂ (9 ਨਵੰਬਰ), ਨਨਕਾਣਾ ਸਾਹਿਬ ਗੁਰਦੁਆਰੇ ਦੇ ਗ੍ਰੰਥੀ ਦੀ ਕੁੜੀ ਜਗਜੀਤ ਕੌਰ ਨੂੰ ਮੁਹਮਦ ਹਸਨ ਨਾਂਅ ਦੇ ਇੱਕ ਮੁਸਲਮਾਨ ਨੌਜਵਾਨ ਨੇ ਅਗਵਾ ਕਰ ਲਿਆ ਸੀ ਅਤੇ ਉਸ ਨਾਲ ਵਿਆਹ ਕਰਾਉਣ ਤੋਂ ਬਾਅਦ ਉਸ ਦਾ ਜਬਰਨ ਧਰਮ ਪਰਿਵਰਤਨ ਕਰਵਾਇਆ ਗਿਆ ਸੀ। ਲੜਕੀ ਦੇ ਪਿਤਾ ਨੇ ਕਰਤਾਰਪੁਰ ਵਿੱਚ ਧਰਨੇ ਦੀ ਚਿਤਾਵਨੀ ਦਿੱਤੀ ਸੀ, ਜਿਸ ਕਾਰਨ ਪੁਲਿਸ ਨੇ ਲੜਕੀ ਨੂੰ ਵਾਪਸ ਪਿਤਾ ਕੋਲ ਭੇਜ ਦਿੱਤਾ ਸੀ।
ਇਸ ਤੋਂ ਬਾਅਦ ਨੌਜਵਾਨ ਨੇ ਲੜਕੀ ਨੂੰ ਫਿਰ ਅਗਵਾ ਕਰ ਲਿਆ, ਜਿਸ ਵਿਰੁੱਧ ਸਿੱਖਾਂ ਨੇ ਪ੍ਰਦਰਸ਼ਨ ਕੀਤਾ। ਇਸ ਵਿਰੋਧ ਪ੍ਰਦਰਸ਼ਨ ਨੂੰ ਸਥਾਨਕ ਮੁਸਲਮਾਨਾਂ ਨੇ ਇਸਲਾਮ ਵਿਰੁੱਧ ਸਮਝ ਲਿਆ। ਇਸੇ ਕਾਰਨ, ਗੁਰਦੁਆਰਾ ਸਾਹਿਬ ਵਿਖੇ ਪੱਥਰ ਸੁੱਟੇ ਗਏ। ਪੱਥਰਬਾਜ਼ਾਂ ਨੇ ਸਿੱਖਾਂ ਨੂੰ ਭਜਾਉਣ ਅਤੇ ਨਨਕਾਣਾ ਸਾਹਿਬ ਦਾ ਨਾਂਅ ਬਦਲਣ ਦੀ ਧਮਕੀ ਵੀ ਦਿੱਤੀ।