ਫਰੂਖ਼ਾਬਾਦ: ਉੱਤਰ ਪ੍ਰਦੇਸ਼ ਦੇ ਫਰੂਖ਼ਾਬਾਦ ਵਿੱਚ ਵੀਰਵਾਰ ਸ਼ਾਮ ਇੱਕ ਨੌਜਵਾਨ ਨੇ 15 ਬੱਚਿਆਂ ਨੂੰ ਕਮਰੇ 'ਚ ਕੈਦ ਕਰਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਲਖਨਉ ਤੋਂ 200 ਕਿਲੋਮੀਟਰ ਦੂਰ ਮੁਹੰਮਦਬਾਦ ਪਿੰਡ ਵਿੱਚ ਵਾਪਰੀ ਇਸ ਘਟਨਾ ਨਾਲ ਪੂਰਾ ਪ੍ਰਸ਼ਾਸਨ ਹਿੱਲ ਗਿਆ ਹੈ ਅਤੇ ਬੱਚਿਆਂ ਨੂੰ ਬਚਾਉਣ ਲਈ ਕਮਾਂਡੋਜ਼ ਵੀ ਬੁਲਾਉਣੇ ਗਏ ਹਨ।
ਸੂਚਨਾ ਮਿਲਣ 'ਤੇ ਯੂਪੀ 112 ਦੇ ਨਾਲ ਪਹੁੰਚੀ ਕੋਤਵਾਲੀ ਪੁਲਿਸ ਨੇ ਹਿੰਮਤ ਕਰਕੇ ਘਰ ਦੇ ਨੇੜੇ ਜਾਣ ਦਾ ਯਤਨ ਕੀਤਾ ਤਾਂ ਨੌਜਵਾਨ ਨੇ ਹਥਗੋਲ਼ਾ ਸੁੱਟ ਦਿੱਤਾ, ਜਿਸ ਨਾਲ ਤਿੰਨ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਅਜੇ ਤਕ ਪੁਲਿਸ ਨੌਜਵਾਨ ਨੂੰ ਕਾਬੂ ਨਹੀਂ ਕਰ ਸਕੀ ਹੈ। ਪੁਲਿਸ ਮੁਖੀ ਤੇ ਹੋਰ ਅਧਿਕਾਰੀ ਕਈ ਥਾਣਿਆਂ ਦੀ ਫੋਰਸ ਨਾਲ ਮੌਕੇ 'ਤੇ ਪਹੁੰਚ ਗਏ ਹਨ। ਵਿਅਕਤੀ ਦੀ ਪਛਾਣ ਸੁਭਾਸ਼ ਬਾਥਮ ਵਜੋਂ ਹੋਈ ਹੈ, ਜੋ ਕਤਲ ਦਾ ਦੋਸ਼ੀ ਹੈ ਅਤੇ ਹਾਲ ਹੀ ਵਿੱਚ ਪੈਰੋਲ 'ਤੇ ਬਾਹਰ ਆਇਆ ਸੀ। ਵੀਰਵਾਰ ਨੂੰ ਉਸ ਨੇ ਆਪਣੇ ਬੱਚੇ ਦੇ ਜਨਮਦਿਨ ਦੇ ਬਹਾਨੇ ਨੇੜਲੇ ਰਹਿੰਦੇ ਬੱਚਿਆਂ ਨੂੰ ਘਰ ਬੁਲਾਇਆ ਅਤੇ ਫਿਰ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਸਾਰੇ ਬੱਚਿਆਂ ਨੂੰ ਬੇਸਮੈਂਟ ਵਿੱਚ ਬੰਦ ਕਰ ਦਿੱਤਾ।
ਇਸ ਤੋਂ ਬਾਅਦ ਪੁਲਿਸ ਮੁਖੀ ਅਨਿਲ ਮਿਸ਼ਰਾ ਨੇ ਲਾਊਡ ਸਪੀਕਰ ਰਾਹੀਂ ਸੁਭਾਸ਼ ਨੂੰ ਬਾਹਰ ਆਉਣ ਲਈ ਕਿਹਾ ਤਾਂ ਉਹ ਗਾਲ੍ਹਾਂ ਕੱਢਣ ਲੱਗਿਆ। ਇਸ ਦੌਰਾਨ ਪਿੰਡ ਦਾ ਹੀ ਸੁਭਾਸ਼ ਦਾ ਦੋਸਤ ਅਨੁਪਮ ਦੂਬੇ ਉਰਫ਼ ਬਾਲੂ ਉਸ ਨੂੰ ਸਮਝਾਉਣ ਲਈ ਉਸ ਦੇ ਦਰਵਾਜ਼ੇ ਤਕ ਪਹੁੰਚ ਗਿਆ, ਤਾਂ ਅੰਦਰੋਂ ਸੁਭਾਸ਼ ਨੇ ਫਾਇਰ ਕਰ ਦਿੱਤਾ। ਪੈਰ 'ਚ ਗੋਲ਼ੀ ਲੱਗਣ ਨਾਲ ਬਾਲੂ ਜ਼ਖ਼ਮੀ ਹੋ ਗਿਆ। ਫਿਲਹਾਲ ਪੁਲਿਸ ਦੋਸ਼ੀ ਨੂੰ ਫੜਨ ਲਈ ਕੋਸ਼ਿਸ਼ ਕਰ ਰਹੀ ਹੈ।
ਦੱਸ ਦਈਏ ਕਿ ਸੁਭਾਸ਼ ਸੰਨ 2001 'ਚ ਪਿੰਡ ਦੇ ਮੇਘਨਾਥ ਬਾਥਨ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਚੁੱਕਿਆ ਹੈ। ਇਸ ਮਾਮਲੇ 'ਚ ਉਸ ਨੂੰ ਉਮਰ ਕੈਦ ਦੀ ਸਜ਼ਾ ਵੀ ਹੋ ਚੁੱਕੀ ਹੈ, ਪਰ ਹਾਈ ਕੋਰਟ ਤੋਂ ਉਹ ਜ਼ਮਾਨਤ 'ਤੇ ਚੱਲ ਰਿਹਾ ਹੈ। ਤਿੰਨ ਮਹੀਨੇ ਪਹਿਲਾਂ ਉਹ ਚੋਰੀ ਦੇ ਕੇਸ 'ਚ ਫੜਿਆ ਗਿਆ ਸੀ। ਡੇਢ ਮਹੀਨੇ ਪਹਿਲਾਂ ਉਹ ਜੇਲ੍ਹ 'ਚੋਂ ਛੁੱਟ ਕੇ ਘਰ ਆਇਆ ਸੀ।