ਨਵੀਂ ਦਿੱਲੀ: ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਆਪਣੇ ਨਿਊਜ਼ ਮੀਡੀਆ ਨੈੱਟਵਰਕ 18 ਨੂੰ ਵੇਚਣ ਦੀ ਤਿਆਰੀ ਕਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਟਾਇਮਸ ਗਰੁੱਪ ਇਸ ਨੂੰ ਖ਼ਰੀਦਣ ਦੀ ਤਿਆਰੀ ਕਰ ਰਿਹਾ ਹੈ। ਇਹ ਖ਼ੁਲਾਸਾ ਬਲੂਮਬਰਗ ਦੀ ਇੱਕ ਰਿਪੋਰਟ ਵਿੱਚ ਹੋਇਆ ਹੈ। ਇਸ ਦੇ ਮੁਤਾਬਕ ਨਿਊਜ਼ ਬਿਜ਼ਨਸ ਵਿੱਚ ਕਾਫੀ ਪੈਸਾ ਬਰਬਾਦ ਕਰਨ ਤੋਂ ਬਾਅਦ ਮੁਕੇਸ਼ ਅੰਬਾਨੀ ਇਹ ਫ਼ੈਸਲਾ ਲੈ ਰਹੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਬਾਕੀ ਮੈਂਬਰ ਵੀ ਇਸ ਲਈ ਤਿਆਰ ਹਨ।
ਇੱਕ ਰਿਪੋਰਟ ਮੁਤਾਬਕ ਟਾਇਮਸ ਆਫ਼ ਇੰਡੀਆ ਦਾ ਪ੍ਰਕਾਸ਼ਨ ਕਰਨ ਵਾਲੀ ਬੈਨੇਟ ਕੋਲਮੈਨ ਐਂਡ ਕੰਪਨੀ (BCCL) ਮੁਕੇਸ਼ ਅੰਬਾਨੀ ਦੀ ਨੈੱਟਵਰਕ 18 ਮੀਡੀਆ ਐਂਡ ਇੰਨਵੈਸਟਮੈਂਟ ਲਿਮਟੇਡ ਦੀ ਨਿਊਜ਼ ਪ੍ਰਾਪਟੀ ਨੂੰ ਲੈ ਕੇ ਸਲਾਹਕਾਰ ਨਿਯੁਕਤ ਕਰਨ ਦੀ ਤਿਆਰੀ ਵਿੱਚ ਹੈ। ਉੱਥੇ ਹੀ ਅੰਬਾਨੀ ਵੀ ਆਪਣੇ ਹਿੱਸੇਦਾਰੀ ਵੇਚਣ ਲਈ ਨਵੇਂ ਬਦਲ ਤੇ ਵਿਚਾਰ ਕਰ ਰਹੇ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਇਸ ਮਸਲੇ ਵਿੱਚ ਗੱਲਬਾਤ ਅਜੇ ਸ਼ੁਰੂਆਤੀ ਸਟੇਜ਼ ਤੇ ਹੀ ਹੈ। ਫ਼ਿਲਹਾਲ ਇਸ ਮਾਮਲੇ ਨੂੰ ਲੈ ਕੇ ਬੀਸੀਸੀਐਲ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਉੱਥੇ ਹੀ ਰਿਲਾਇੰਸ ਇੰਡਸਟਰੀਜ਼ ਦੇ ਇੱਕ ਬੁਲਾਰੇ ਨੇ ਇਸ ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਗ਼ੌਰ ਵਾਲੀ ਗੱਲ ਹੈ ਕਿ ਮਾਰਚ 2019 ਵਿੱਚ ਕੰਪਨੀ ਨੇ 25 ਮਿਲੀਅਨ ਡਾਲਰ ਯਾਨੀ 1.78 ਬਿਲੀਅਨ ਰੁਪਏ ਦਾ ਸਮੂਹਿਕ ਘਾਟੇ ਹੋਣ ਦੀ ਜਾਣਕਾਰੀ ਦਿੱਤੀ ਸੀ। ਇਸ ਦੇ ਨਾਲ ਹੀ ਕੰਪਨੀ ਤੇ 28 ਬਿਲੀਅਨ ਰੁਪਏ ਦਾ ਕਰਜ਼ ਦੱਸਿਆ ਹੈ।
ਜ਼ਿਕਰ ਕਰ ਦਈਏ ਕਿ ਨੈੱਟਵਰਕ 18 ਵਿੱਚ ਅੰਬਾਨੀ ਦੇ ਹਿੱਸੇਦਾਰੀ ਵਿਕਣ ਦੀ ਖ਼ਬਰ ਤੋਂ ਬਾਅਦ ਕੰਪਨੀ ਦੇ ਸ਼ੇਅਰਾਂ ਵਿੱਚ 10 ਫ਼ੀਸਦ ਦਾ ਵਾਧਾ ਵੇਖਿਆ ਗਿਆ ਹੈ ਜਿਹੜੇ ਪਿਛਲੇ 6ਮਹੀਨਿਆਂ ਵਿੱਚ ਸਭ ਤੋਂ ਉੱਚੇ ਪੱਧਰ ਤੇ ਹੈ।