ਨਵੀਂ ਦਿੱਲੀ: ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਪੈਦਾਵਾਰ ਲਈ ਘੱਟੋ-ਘੱਟੋ ਸਮਰਥਨ ਮੁੱਲ ਜਾਣਿ ਕਿ ਐਮਐਸਪੀ ਘਰੇਲੂ ਬਾਜ਼ਾਰ ਭਾਅ ਨਾਲੋਂ ਜ਼ਿਆਦਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਵਿੱਚ ਐਮਐਸਪੀ ਗਲੋਬਲ ਰੇਟ ਨਾਲੋਂ ਜ਼ਿਆਦਾ ਹੈ। ਕਿਸੇ ਤਰ੍ਹਾਂ ਦੀ ਆਰਥਿਕ ਸਮੱਸਿਆ ਸ਼ੁਰੂ ਹੋਣ ਤੋਂ ਪਹਿਲਾਂ ਇਸ ਦਾ ਹੱਲ ਲੱਭਣਾ ਜ਼ਰੂਰੀ ਹੈ।
ਗਡਕਰੀ ਨੇ ਕਿਹਾ, "ਸਾਨੂੰ ਇਸ ਦੇ ਲਈ ਕੁੱਝ ਵਿਕਲਪ ਲੱਭਣੇ ਪੈਣਗੇ ਅਤੇ ਖੇਤੀਬਾੜੀ ਖੇਤਰ ਵਿੱਚ ਇਸ ਮੁੱਦੇ ਦਾ ਹੱਲ ਕੱਢੇ ਬਿਨਾਂ ਅਸੀਂ ਆਪਣੀ ਅਰਥਵਿਵਸਥਾ ਨੂੰ ਗਤੀ ਨਹੀਂ ਦੇ ਸਕਦੇ।"
ਉਨ੍ਹਾਂ ਕਿਹਾ ਕਿ ਦੇਸ਼ ਕੋਲ ਚੌਲ਼, ਕਣਕ ਦਾ ਭੰਡਾਰ ਹੈ ਪਰ ਇਸ ਦੇ ਭੰਡਾਰਨ ਦੀ ਸਮੱਸਿਆ ਹੈ। ਚੌਲ਼ਾਂ ਨੂੰ ਬਾਇਓ-ਇਥੇਨੌਲ ਵਿੱਚ ਬਦਲਣ ਦੀ ਨੀਤੀ ਬਣਾਉਣ ਦਾ ਸੁਝਾਅ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕੁੱਝ ਹਿੱਸਿਆਂ ਵਿੱਚ ਫ਼ਸਲ ਦੇ ਪੈਟਰਨ ਨੂੰ ਬਦਲਣ ਅਤੇ ਕਣਕ ਤੇ ਝੋਨੇ ਦੀ ਖੇਤੀ ਦੇ ਰਕਬੇ ਨੂੰ ਘੱਟ ਕਰਨ ਦੀ ਜ਼ਰੂਰਤ ਹੈ।
ਗਡਕਰੀ ਨੇ ਕਿਹਾ, "ਪੰਜਾਬ ਅਤੇ ਹਰਿਆਣਾ ਵਿੱਚ ਸਾਡੇ ਕੋਲ ਭੰਡਾਰਨ ਲਈ ਵੀ ਥਾਂ ਨਹੀਂ ਹੈ ਤਾਂ ਦੇਸ਼ ਲਈ ਇੱਕ ਬੁਰੀ ਸਥਿਤੀ ਹੈ। ਇੱਕ ਪਾਸੇ ਸਾਡੇ ਕੋਲ ਅੰਨ ਦਾ ਜ਼ਿਆਦਾ ਭੰਡਾਰ ਹੈ ਤੇ ਦੂਜੇ ਪਾਸੇ ਸਾਡੇ ਕੋਲ ਭੰਡਾਰਨ ਲਈ ਥਾਂ ਨਹੀਂ ਹੈ।"