ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਨਰੇਸ਼ ਗੁਜਰਾਲ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਇੱਕ ਪੱਤਰ ਲਿਖ ਕੇ ਦੰਗਿਆਂ ਦੌਰਾਨ ਜਾਨਾਂ ਬਚਾਉਣ ਪ੍ਰਤੀ ਪੁਲਿਸ ਦੀ ਨਾਕਾਮੀ ਦਾ ਜ਼ਿਕਰ ਕੀਤਾ ਹੈ।
ਆਪਣੇ ਪੱਤਰ ਵਿੱਚ, ਨਰੇਸ਼ ਨੇ ਉਨ੍ਹਾਂ ਦੀ ਸ਼ਿਕਾਇਤ ‘ਤੇ ਕਾਰਵਾਈ ਨਾ ਕਰਨ ਲਈ ਕਥਿਤ ਤੌਰ ‘ਤੇ ਦਿੱਲੀ ਪੁਲਿਸ ਦੀ ਨਿੰਦਾ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਪੁਲਿਸ ਨੂੰ ਘੱਟ ਗਿਣਤੀ ਭਾਈਚਾਰੇ ਦੇ 16 ਲੋਕਾਂ ਦੀ ਮਦਦ ਲਈ ਆਉਣ ਦੀ ਬੇਨਤੀ ਕੀਤੀ ਸੀ।
![Shiromani Akali Dal MP Naresh Gujral writes to Delhi Police Commissioner](https://etvbharatimages.akamaized.net/etvbharat/prod-images/6223336_gfwighgfuihwhuivh.jpg)
ਦਿੱਲੀ ਪੁਲਿਸ ਕਮਿਸ਼ਨਰ ਅਮੂਲਿਆ ਪਟਨਾਇਕ ਨੂੰ ਲਿਖੇ ਇਸ ਪੱਤਰ ਵਿੱਚ ਨਰੇਸ਼ ਗੁਜਰਾਲ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਜਾਣਕਾਰਾਂ ਦਾ ਸੰਪਰਕ ਨੰਬਰ ਵੀ ਪੁਲਿਸ ਅਧਿਕਾਰੀ ਨਾਲ ਸਾਂਝਾ ਕੀਤਾ ਸੀ। ਉਨ੍ਹਾਂ ਪੱਤਰ ਵਿੱਚ ਲਿਖਿਆ, “ਬੀਤੀ ਰਾਤ ਕਰੀਬ ਸਾਢੇ 11 ਵਜੇ ਮੈਨੂੰ ਇੱਕ ਜਾਣਕਾਰ ਨੇ ਫੋਨ ਕਰ ਕੇ ਦੱਸਿਆ ਸੀ ਕਿ ਮੌਜਪੁਰ ਵਿੱਚ ਗੋਂਡਾ ਚੌਕ ਨੇੜੇ ਇੱਕ ਘਰ ਵਿੱਚ 16 ਮੁਸਲਮਾਨ ਫ਼ਸੇ ਹੋਏ ਸਨ ਤੇ ਘਰ ਦੇ ਬਾਹਰ ਇਕੱਠੀ ਹੋਈ ਭੀੜ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ।”
“ਮੈਂ ਤੁਰੰਤ ਸ਼ਿਕਾਇਤ ਦਰਜ ਕਰਾਉਣ ਲਈ ਪੁਲਿਸ ਦੀ ਹੈਲਪਲਾਈਨ ਨੰਬਰ 100 'ਤੇ ਫ਼ੋਨ ਕਰ ਕੇ ਪੁਲਿਸ ਨੂੰ ਉਸ ਵਿਅਕਤੀ ਦਾ ਫ਼ੋਨ ਨੰਬਰ ਸਾਂਝਾ ਕੀਤਾ। ਮੈਂ ਸਥਿਤੀ ਦੀ ਗੰਭੀਰਤਾ ਬਾਰੇ ਦੱਸਦਿਆਂ ਆਪਰੇਟਰ ਨੂੰ ਕਿਹਾ ਕਿ ਮੈਂ ਸੰਸਦ ਮੈਂਬਰ ਹਾਂ। ਇਸ ਸ਼ਿਕਾਇਤ ਦੀ ਪੁਸ਼ਟੀ ਦਾ ਸੰਦੇਸ਼ ਮੈਨੂੰ ਰਾਤ ਕਰੀਬ 11.43 ਵਜੇ 'ਤੇ ਹਾਸਿਲ ਹੋਇਆ। ਦਿੱਲੀ ਪੁਲਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਮੇਰੀ ਸ਼ਿਕਾਇਤ ਹਵਾਲਾ ਨੰਬਰ 946603 ਦੇ ਨਾਲ ਦਰਜ ਕਰ ਲਈ ਗਈ ਹੈ।
ਹਾਲਾਂਕਿ ਨਰੇਸ਼ ਗੁਜਰਾਲ ਦੀ ਇਸ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਉਨ੍ਹਾਂ 16 ਵਿਅਕਤੀਆਂ ਦੀ ਦਿੱਲੀ ਪੁਲਿਸ ਨੇ ਕੋਈ ਮਦਦ ਨਹੀਂ ਕੀਤੀ। ਖੁਸ਼ਕਿਸਮਤੀ ਨਾਲ ਉਨ੍ਹਾਂ ਲੋਕਾਂ ਨੂੰ ਕੁਝ ਹਿੰਦੂ ਗੁਆਂਢੀਆਂ ਨੇ ਘਰ 'ਚੋਂ ਬਾਹਰ ਕੱਢ ਕੇ ਬਚਾਅ ਲਿਆ।
ਉਥੇ ਹੀ ਆਪਣੇ ਪੱਤਰ ਵਿੱਚ ਲਿਖਦੇ ਹੋਏ ਗੁਜਰਾਲ ਨੇ ਕਿਹਾ, “ਜੇ ਇਹ ਸਥਿਤੀ ਹੋਵੇਗੀ ਕਿ ਜਦੋਂ ਸੰਸਦ ਮੈਂਬਰ ਨਿੱਜੀ ਤੌਰ ‘ਤੇ ਕੋਈ ਸ਼ਿਕਾਇਤ ਦਰਜ ਕਰਾਉਂਦਾ ਹੈ, ਤਾਂ ਇਹ ਹੈਰਾਨੀ ਦੀ ਗੱਲ ਨਹੀਂ ਕਿ ਦਿੱਲੀ ਦੇ ਕੁਝ ਹਿੱਸੇ ਸੜਦੇ ਰਹਿੰਦੇ ਹਨ ਤੇ ਪੁਲਿਸ ਬੇਵਕੂਫਾਂ ਵਾਂਗ ਖੜ੍ਹੀ ਰਹਿੰਦੀ ਹੈ। ਨਰੇਸ਼ ਗੁਜਰਾਲ ਨੇ ਇਸ ਮਾਮਲੇ ਦੀ ਜਾਂਚ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਆਪਣੇ ਪੱਤਰ ਵਿੱਚ ਅੱਗੇ ਕਿਹਾ ਕਿ ਇਸ ਗੱਲ ਤੇ ਤੁਰੰਤ ਧਿਆਨ ਦਿੱਤਾ ਜਾਵੇ ਕਿ ਤਾਂ ਜੋ ਦਿੱਲੀ ਦੀ ਸਥਿਤੀ ਨੂੰ ਜਲਦੀ ਕਾਬੂ ਹੇਠ ਲੈ ਕੇ ਆਇਆ ਜਾ ਸਕੇ।