ਨਵੀਂ ਦਿੱਲੀ: ਸਾਬਕਾ ਖਜਾਨਾ ਮੰਤਰੀ ਅਰੁਣ ਜੇਟਲੀ ਦਾ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ ਜਿਨ੍ਹਾਂ ਦਾ ਅੰਤਿਮ ਸਸਕਾਰ ਐਤਵਾਰ ਨੂੰ ਦੁਪਹਿਰ ਵੇਲੇ ਨਿਗਮਬੋਧ ਘਾਟ 'ਤੇ ਕੀਤਾ ਜਾਵੇਗਾ। ਅਰੁਣ ਜੇਟਲੀ ਦੀ ਮ੍ਰਿਤਕ ਦੇਹ ਨੂੰ ਨਿਗਮਬੋਧ ਘਾਟ ਲਿਜਾਇਆ ਗਿਆ ਜਿਥੇ ਕੌਮੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
ਵਿਦੇਸ਼ ਦੌਰੇ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਅੰਤਿਮ ਸਸਕਾਰ 'ਚ ਸ਼ਾਮਲ ਨਹੀਂ ਹੋ ਸਕਣਗੇ। ਇਸ ਤੋਂ ਪਹਿਲਾਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੇ ਘਰ ਕੈਲਾਸ਼ ਕਾਲੋਨੀ ਤੋਂ ਭਾਜਪਾ ਦੇ ਹੈਡਕੁਆਟਰ ਲਿਜਾਇਆ ਗਿਆ ਹੈ। ਇੱਥੇ ਭਾਜਪਾ ਦੇ ਕਈ ਆਗੂ ਤੇ ਵਰਕਰ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਪਹੁੰਚਣਗੇ।
ਇਸ ਤੋਂ ਪਹਿਲਾ ਬੀਤੇ ਦਿਨ ਅਰੁਣ ਜੇਟਲੀ ਦੀ ਦੇਹ ਨੂੰ ਉਨ੍ਹਾਂ ਦੇ ਘਰ ਕੈਲਾਸ਼ ਕਲੋਨੀ 'ਚ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ ਸੀ। ਜਿੱਥੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਅਮਿਤ ਸ਼ਾਹ, ਸੋਨੀਆਂ ਗਾਂਧੀ ਸਮੇਤ ਕਈ ਸਿਆਸੀ ਆਗੂ ਉਨ੍ਹਾਂ ਦੇ ਦਰਸ਼ਨਾਂ ਲਈ ਪੁਹੰਚੇ। ਦੱਸ ਦਈਏ, ਪਿਛਲੇ ਕਈ ਦਿਨਾਂ ਤੋਂ ਸਾਬਕਾ ਖਜਾਨਾ ਮੰਤਰੀ ਅਰੁਣ ਜੇਟਲੀ ਬਿਮਾਰ ਚੱਲ ਰਹੇ ਸਨ ਤੇ ਉਹ ਦਿੱਲੀ ਦੇ ਏਮਜ਼ ਹਸਪਤਾਲ ਵਿੱਚ 9 ਅਗਸਤ ਤੋਂ ਭਰਤੀ ਸਨ ਜਿੱਥੇ ਉਨ੍ਹਾਂ ਸ਼ਨੀਵਾਰ ਨੂੰ 12 ਵੱਜ ਕੇ 7 ਮਿੰਟ 'ਤੇ ਆਖ਼ਰੀ ਸਾਹ ਲਏ।
ਜ਼ਿਕਰਯੋਗ ਹੈ ਕਿ ਅਰੁਣ ਜੇਟਲੀ ਪਿਛਲੇ ਦੋ ਸਾਲਾਂ ਤੋਂ ਠੀਕ ਨਹੀਂ ਸਨ। ਉਨ੍ਹਾਂ ਨੇ ਆਪਣੀ ਖ਼ਰਾਬ ਸਿਹਤ ਦੇ ਚੱਲਦਿਆਂ ਹੀ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਨਹੀਂ ਲੜੀਆਂ ਸਨ। ਉਨ੍ਹਾਂ ਦਾ ਕਿਡਨੀ ਟਰਾਂਸਪਲਾਂਟ ਵੀ ਹੋਇਆ ਸੀ। ਜੇਟਲੀ ਨੂੰ ਸਾਹ ਲੈਣ ਵਿੱਚ ਪ੍ਰੇਸ਼ਾਨੀ ਅਤੇ ਬੇਚੈਨੀ ਤੋਂ ਬਾਅਦ ਏਮਜ਼ ਵਿੱਚ ਦਾਖ਼ਲ ਕਰਵਾਇਆ ਗਿਆ ਸੀ।