ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 29 ਹਜ਼ਾਰ ਤੋਂ ਵੱਧ ਨਵੇਂ ਪੌਜ਼ੀਟਿਵ ਮਾਮਲੇ ਦਰਜ ਕੀਤੇ ਗਏ ਹਨ ਅਤੇ 500 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਨਾਲ ਦੇਸ਼ ਭਰ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 8,79,466 ਤੱਕ ਪਹੁੰਚ ਗਈ ਹੈ ਤੇ 23,187 ਲੋਕ ਇਸ ਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਤਾਜ਼ਾ ਅੰਕੜਿਆਂ ਮੁਤਾਬਕ ਪੂਰੇ ਦੇਸ਼ ਵਿੱਚ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 3.01 ਲੱਖ ਨੂੰ ਪਾਰ ਕਰ ਗਈ ਹੈ ਅਤੇ 5,34,620 ਲੋਕ ਸਿਹਤਯਾਬ ਹੋ ਗਏ ਹਨ।
ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 1,573 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਪੀੜਤਾਂ ਦੀ ਗਿਣਤੀ ਵੱਧ ਕੇ 1,12,494 ਹੋ ਗਈ ਹੈ ਜਦ ਕਿ 37 ਮੌਤਾਂ ਤੋਂ ਬਾਅਦ ਇਸ ਬਿਮਾਰੀ ਕਾਰਨ ਹੋਈਆਂ ਮੌਤਾਂ ਦੀ ਗਿਣਤੀ 3,371 ਹੋ ਗਈ ਹੈ।
ਮਹਾਰਾਸ਼ਟਰ ਵਿੱਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ 7,827 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਸੂਬੇ ਵਿੱਚ ਪੀੜਤਾਂ ਦੀ ਗਿਣਤੀ ਵਧ ਕੇ 2,54,427 ਹੋ ਗਈ ਹੈ। ਸੂਬੇ ਦੇ ਸਿਹਤ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ। ਵਿਭਾਗ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਇਸ ਮਾਰੂ ਵਾਇਰਸ ਕਾਰਨ 173 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 10,289 ਤੱਕ ਪਹੁੰਚ ਗਈ ਹੈ।
ਪੰਜਾਬ ਵਿੱਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ 234 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 4 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 7821 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 2230 ਮਾਮਲੇ ਐਕਟਿਵ ਹਨ ਅਤੇ ਹੁਣ ਤੱਕ 199 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਦੱਸ ਦਈਏ ਕਿ ਦੇਸ਼ ਵਿੱਚ ਮਰੀਜ਼ਾਂ ਦੀ ਰਿਕਵਰੀ ਰੇਟ ਵਿਚ ਵੀ ਥੋੜ੍ਹਾ ਜਿਹਾ ਸੁਧਾਰ ਹੋਇਆ ਹੈ ਅਤੇ ਮੌਜੂਦਾ ਦਰ 62.93 ਫੀਸਦੀ ਹੈ। ਇਸ ਦੇ ਉਲਟ ਮੌਤ ਦਰ ਥੋੜੀ ਘਟ ਗਈ ਹੈ ਜੋ ਕਿ 2.67 ਫੀਸਦੀ ਹੈ।