ਨਵੀਂ ਦਿੱਲੀ: ਕੇਰਲ 'ਚ ਇਕ ਹਫ਼ਤੇ ਦੀ ਦੇਰੀ ਨਾਲ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਮਾਨਸੂਨ ਪਹੁੰਚਦਿਆਂ ਹੀ ਦੱਖਣੀ ਭਾਰਤ ਦੇ ਲੋਕਾ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਪਰ ਜੇ ਉੱਤਰ ਭਾਰਤ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਹੱਲੇ ਥੋੜਾ ਸਬਰ ਕਰਨਾ ਪਵੇਗਾ।
ਮੌਸਮ ਵਿਭਾਗ ਮੁਤਾਬਕ ਮਾਨਸੂਨ ਦੇ ਕੇਰਲ ਵਿੱਚ ਦੇਰੀ ਨਾਲ ਪਹੁੰਚਣ ਕਰਕੇ ਦੇਸ਼ ਦੇ ਹੋਰ ਹਿੱਸਿਆਂ 'ਚ ਮੀਹ 'ਚ ਦੇਰੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਸਾਫ਼ ਕਰ ਦਿੱਤਾ ਹੈ ਕਿ ਮਾਨਸੂਨ ਵਿੱਚ ਦੇਰੀ ਦਾ ਮੀਹ 'ਤੇ ਕੋਈ ਅਸਰ ਨਹੀਂ ਪੈਂਦਾ। ਵਿਭਾਗ ਨੇ ਦੱਸਿਆ ਕਿ ਮੀਹ ਅਨੁਮਾਨ ਦੇ ਮੁਤਾਬਕ ਹੋਏਗੀ।
ਉੱਤਰ ਭਾਰਤੀ ਸੂਬੇ ਭਿਆਨਕ ਗਰਮੀ ਦੀ ਚਪੇਟ ਵਿੱਚ ਹਨ। ਪੰਜਾਬ ਸਮੇਤ ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ, ਮੱਧ ਪ੍ਰਦੇਸ਼ ਤੇ ਬਿਹਾਰ ਵਿੱਚ ਗਰਮੀ ਕਹਿਰ ਵਰਸਾ ਰਹੀ ਹੈ। ਸ਼ਨਿੱਚਰਵਾਰ ਨੂੰ ਪੰਜਾਬ 'ਚ ਪਾਰਾ 43 ਡਿਗਰੀ ਸੈਲਸੀਅਸ ਪਹੁੰਚ ਗਿਆ ਹੈ। ਜੇ ਪੰਜਾਬ ਦੇ ਗੁਆਂਢੀ ਸੂਬਾ ਰਾਜਸਥਾਨ ਦੀ ਗੱਲ ਕਰੀਏ ਤਾਂ ਪਾਰਾ 46.6 ਡਿਗਰੀ ਸੈਲਸੀਅਸ ਪਹੁੰਚ ਗਿਆ। ਦਿੱਲੀ ਵਿੱਚ ਵੀ ਅਗਲੇ ਦੋ ਦਿਨਾਂ ਅੰਦਰ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ।