ਮਨਾਮਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਟਲੀ ਦੇ ਦੇਹਾਂਤ 'ਤੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ, "ਉਹ ਕਲਪਨਾ ਵੀ ਨਹੀਂ ਕਰ ਸਕਦੇ ਕਿ ਮੈਂ ਇਥੇ ਬਹਿਰੀਨ ਵਿੱਚ ਹਾਂ, ਜਦੋਂ ਉਸ ਦੇ ਪਿਆਰੇ ਦੋਸਤ ਦੀ ਮੌਤ ਨਵੀਂ ਦਿੱਲੀ ਵਿੱਚ ਹੋ ਗਈ ਹੈ। ਜੇਟਲੀ ਦਾ ਸਨਿੱਚਰਵਾਰ ਨੂੰ ਨਵੀਂ ਦਿੱਲੀ ਦੇ ਏਮਜ਼ ਵਿਖੇ ਦੇਹਾਂਤ ਹੋ ਗਿਆ। ਜੇਟਲੀ 66 ਸਾਲਾਂ ਦੇ ਸਨ ਅਤੇ 9 ਅਗਸਤ ਨੂੰ ਏਮਜ਼ ਵਿੱਚ ਦਾਖਲ ਹੋਏ ਸਨ।
ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕਿਹਾ, "ਮੇਰੇ ਦੋਸਤ ਅਰੁਣ ਜੇਟਲੀ ਭਾਰਤ ਨੂੰ ਪਿਆਰ ਕਰਦੇ ਸਨ, ਆਪਣੀ ਪਾਰਟੀ ਨੂੰ ਪਿਆਰ ਕਰਦੇ ਸਨ ਅਤੇ ਲੋਕਾਂ ਵਿੱਚ ਰਹਿਣਾ ਪਸੰਦ ਕਰਦੇ ਸਨ। ਇਹ ਦੁੱਖਦ ਅਤੇ ਅਵਿਸ਼ਵਾਸ਼ਯੋਗ ਹੈ ਕਿ ਉਹ ਵਿਅਕਤੀ ਜਿਸ ਨੂੰ ਮੈਂ ਛੋਟੀ ਉਮਰ ਤੋਂ ਜਾਣਦਾ ਸੀ ਹੁਣ ਸਾਡੇ ਨਾਲ ਨਹੀਂ ਹੈ"
ਬਹਿਰੀਨ ਦੇ ਨੈਸ਼ਨਲ ਸਟੇਡੀਅਮ ਵਿੱਚ ਭਾਰਤੀ ਭਾਈਚਾਰੇ ਦੇ 15,000 ਲੋਕਾਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, "ਮੈਂ ਕਲਪਨਾ ਨਹੀਂ ਕਰ ਸਕਦਾ ਕਿ ਮੈਂ ਇੱਥੇ ਬਹਿਰੀਨ ਵਿੱਚ ਹਾਂ ਅਤੇ ਮੇਰੇ ਪਿਆਰੇ ਮਿੱਤਰ ਅਰੁਣ ਜੇਟਲੀ ਦਾ ਦਿਹਾਂਤ ਹੋ ਗਿਆ।" ਮੋਦੀ ਨੇ ਕਿਹਾ, "ਇੱਕ ਪਾਸੇ ਜਿਥੇ ਲੋਕ ਜਨਮ ਅਸ਼ਟਮੀ ਮਨਾ ਰਹੇ ਹਨ, ਮੈਂ ਆਪਣੇ ਦੋਸਤ ਅਰੁਣ ਦੀ ਮੌਤ 'ਤੇ ਸੋਗ ਕਰ ਰਿਹਾ ਹਾਂ।" ਦੱਸਣਯੋਗ ਹੈ ਕਿ ਮੋਦੀ ਬਹਿਰੀਨ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣ ਗਏ ਹਨ।