ਨਵੀਂ ਦਿੱਲੀ: ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਕਈ ਵੱਡੇ ਫ਼ੈਸਲਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਮੈਡੀਕਲ ਖੇਤਰ 'ਚ ਸੁਧਾਰ, ਐਫਡੀਆਈ, ਗੰਨਾ ਕਿਸਾਨਾਂ, ਐਮਬੀਬੀਐਸ ਸੀਟਾਂ ਨੂੰ ਲੈ ਕੇ ਵੱਡੇ ਐਲਾਨ ਕੀਤੇ ਹਨ।
ਕੇਂਦਰੀ ਮੰਤਰੀ ਮੰਡਲ ਨੇ 60 ਲੱਖ ਟਨ ਚੀਨੀ ਦੇ ਨਿਰਯਾਤ ਲਈ 6,268 ਕਰੋੜ ਰੁਪਏ ਦੀ ਨਿਰਯਾਤ ਸਬਸਿਡੀ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੇਸ਼ ਵਿੱਚ 162 ਲੱਖ ਟਨ ਖੰਡ ਦਾ ਸਟਾਕ ਹੈ, ਜਿਸ ਵਿੱਚ 40 ਲੱਖ ਟਨ ਬਫਰ ਸਟਾਕ ਹੈ ਅਤੇ ਬਾਕੀ 60 ਲੱਖ ਟਨ ਖੰਡ ਨੂੰ ਵਿਦੇਸ਼ਾਂ ਵਿੱਚ ਭੇਜਿਆ ਜਾਵੇਗਾ। ਸਬਸਿਡੀ ਦਾ ਪੈਸਾ ਸਿੱਧਾ ਕਿਸਾਨਾਂ ਦੇ ਖਾਤਿਆਂ ਵਿੱਚ ਆਵੇਗਾ।
ਮੈਡੀਕਲ ਦੇ ਵਿਦਿਆਰਥੀਆਂ ਲਈ ਖੁਸ਼ਖ਼ਬਰੀ
ਪ੍ਰਕਾਸ਼ ਜਾਵਡੇਕਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ 75 ਮੈਡੀਕਲ ਕਾਲਜ ਹੋਰ ਖੋਲ੍ਹੇ ਜਾਣਗੇ। ਇਨ੍ਹਾਂ ਨਾਲ ਦੇਸ਼ ਵਿੱਚ ਐਮਬੀਬੀਐਸ ਦੀਆਂ 15,700 ਸੀਟਾਂ ਵੱਧ ਜਾਣਗੀਆਂ। ਇਸ 'ਤੇ 24,300 ਕਰੋੜ ਰੁਪਏ ਦੀ ਲਾਗਤ ਆਵੇਗੀ। ਜੋ 2021-22 ਤੱਕ ਸਥਾਪਤ ਕੀਤੇ ਜਾਣਗੇ। ਸਾਰੇ ਮੈਡੀਕਲ ਕਾਲਜ ਅਜਿਹੀਆਂ ਥਾਵਾਂ 'ਤੇ ਖੋਲ੍ਹੇ ਜਾਣ ਜਿੱਥੇ ਪਹਿਲਾਂ ਕੋਈ ਮੈਡੀਕਲ ਕਾਲਜ ਨਹੀਂ ਹੈ ਅਤੇ ਜਿਹੜੇ ਜ਼ਿਲ੍ਹੇ ਵਿਕਾਸ 'ਚ ਪੱਛੜ ਗਏ ਹਨ।
ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਕਿ ਸਰਕਾਰ ਵੱਧ ਤੋਂ ਵੱਧ ਐਫਡੀਆਈ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੋਲਾ ਮਾਈਨਿੰਗ ਵਿੱਚ 100% ਸਿੱਧੇ ਵਿਦੇਸ਼ੀ ਨਿਵੇਸ਼ ਦਾ ਫ਼ੈਸਲਾ ਕੀਤਾ ਗਿਆ ਹੈ। ਕੇਂਦਰੀ ਮੰਤਰੀ ਮੰਡਲ ਨੇ ਪ੍ਰਚੂਨ ਕਾਰੋਬਾਰ ਤਹਿਤ ਆਨਲਾਈਨ ਵਿਕਰੀ ਦੀ ਪ੍ਰਵਾਨਗੀ ਦੇ ਦਿੱਤੀ। ਇਸ ਦੇ ਨਾਲ ਹੀ ਕਾਰੋਬਾਰੀ ਨੂੰ ਪਹਿਲਾ ਸਟੋਰ ਖੋਲ੍ਹਣਾ ਲਾਜ਼ਮੀ ਹੋਣ ਤੋਂ ਛੋਟ ਮਿਲੀ ਹੈ। ਇਸ ਦੇ ਨਾਲ ਹੀ ਡਿਜੀਟਲ ਮੀਡੀਆ ਵਿੱਚ 26% ਐਫਡੀਆਈ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ