ਕੋਲਕਾਤਾ: ਪੱਛਮੀ ਬੰਗਾਲ ਦੇ ਉੱਤਰੀ ਦਿਨਾਜਪੁਰ ਵਿਖੇ ਇੱਕ ਸਕੂਲੀ ਵਿਦਿਆਰਥਣ ਨਾਲ ਜਬਰ ਜਨਾਹ ਮਗਰੋਂ ਉਸ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਨਬਾਲਗ ਦੀ ਲਾਸ਼ ਉਸ ਦੇ ਘਰ ਦੇ ਨੇੜੇ ਬਰਾਮਦ ਕੀਤੀ। ਇਸ ਦੌਰਾਨ ਸਥਾਨਕ ਲੋਕਾਂ ਨੇ ਇਸ ਘਟਨਾ ਦਾ ਵਿਰੋਧ ਕੀਤਾ। ਪ੍ਰਦਰਸ਼ਨਕਾਰੀਆਂ ਨੇ ਇਸ ਦੌਰਾਨ ਕਈ ਲੋਕਾਂ ਦੇ ਵਾਹਨ ਸਾੜੇ ਤੇ ਕਈ ਥਾਵਾਂ 'ਤੇ ਅੱਗ ਵੀ ਲਗਾਈ।
ਇਸ ਹਿੰਸਕ ਵਿਰੋਧ ਉੱਤੇ ਕਾਬੂ ਪਾਉਣ ਲਈ ਪੁਲਿਸ ਨੂੰ ਭਾਰੀ ਭੀੜ 'ਤੇ ਲਾਠੀ ਚਾਰਜ ਕਰਨਾ ਪਿਆ। ਇਸ ਰੋਸ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲਿਸ 'ਤੇ ਵੀ ਹਮਲਾ ਕੀਤਾ। ਇਸ ਖ਼ਬਰ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਪੀੜਤ ਵਿਦਿਆਰਥਣ ਭਾਜਪਾ ਬੂਥ ਪ੍ਰਧਾਨ ਦੀ ਭੈਣ ਸੀ। ਸੂਬੇ ਦੀ ਭਾਜਪਾ ਇਕਾਈ ਨੇ ਫਿਰੋਜ਼ ਅਲੀ ਨਾਂਅ ਦੇ ਇੱਕ ਵਿਅਕਤੀ ਉੱਤੇ ਪੀੜਤਾ ਨਾਲ ਜਬਰ ਜਨਾਹ ਤੇ ਉਸ ਦਾ ਕਤਲ ਕਰਨ ਦੇ ਦੋਸ਼ ਲਾਏ ਹਨ।
ਪੱਛਮੀ ਬੰਗਾਲ ਦੇ ਭਾਜਪਾ ਪ੍ਰਧਾਨ ਦਿਲੀਪ ਘੋਸ਼ ਨੇ ਕਿਹਾ ਕਿ ਚੋਪੜਾ ਵਿੱਚ ਫਿਰੋਜ਼ ਨਾਂਅ ਦੇ ਵਿਅਕਤੀ ਨੇ ਜਬਰ ਜਨਾਹ ਕਰਨ ਤੋਂ ਬਾਅਦ ਇੱਕ 16 ਸਾਲਾ ਕੁੜੀ ਦਾ ਕਤਲ ਕਰ ਦਿੱਤਾ। ਕੀ ਉਸ ਨੂੰ ਭਾਜਪਾ ਦੇ ਬੂਥ ਪ੍ਰਧਾਨ ਦੀ ਭੈਣ ਹੋਣ ਦੀ ਸਜ਼ਾ ਭੁਗਤਣੀ ਪਈ? ਜਿਸ ਸੂਬੇ ਦੀ ਮੁੱਖ ਮੰਤਰੀ ਇੱਕ ਔਰਤ ਹੈ, ਉਹ ਆਪਣੀਆਂ ਧੀਆਂ ਨੂੰ ਨਹੀਂ ਬਚਾ ਸਕਦੀ। ਇਹ ਬੇਹੱਦ ਦੁੱਖ ਦੀ ਗੱਲ ਹੈ।
ਸੱਤਾਧਾਰੀ ਪਾਰਟੀ ਨੇ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ। ਸੂਬਾ ਮੰਤਰੀ ਗੌਤਮ ਦੇਵ ਨੇ ਕਿਹਾ ਕਿ ਸੂਬੇ ਦੇ ਮੰਤਰੀ ਮੰਡਲ ਦੇ ਦੋ ਮੈਂਬਰ ਅਤੇ ਹੋਰ ਜ਼ਮੀਨੀ ਪ੍ਰਤੀਨਿਧੀ ਭਲਕੇ ਮੌਕੇ ‘ਤੇ ਜਾ ਰਹੇ ਹਨ। ਵਫ਼ਦ ਦੇ ਮੈਂਬਰ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨਗੇ।
ਖ਼ਬਰਾਂ ਦੇ ਮੁਤਾਬਕ ਸੈਕੰਡਰੀ ਪਾਸ ਵਿਦਿਆਰਥਣ ਸ਼ਨੀਵਾਰ ਸ਼ਾਮ ਤੋਂ ਲਾਪਤਾ ਸੀ। ਉਸ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਚੋਪੜਾ ਥਾਣੇ ਵਿੱਚ ਕੇਸ ਦਰਜ ਕਰ ਦਿੱਤਾ। ਸਥਾਨਕ ਲੋਕਾਂ ਨੇ ਚੋਪੜਾ ਦੇ ਵੱਖ-ਵੱਖ ਥਾਵਾਂ 'ਤੇ ਇਸ ਘਟਨਾ ਦਾ ਵਿਰੋਧ ਕੀਤਾ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਤੋਂ ਜਲਦ ਤੋਂ ਜਲਦ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ।