ਨਵੀਂ ਦਿੱਲੀ: ਤਿਉਹਾਰਾਂ ਦੌਰਾਨ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕੰਟੇਨਮੈਂਟ ਜ਼ੋਨਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਤਿਉਹਾਰ ਮਨਾਉਣ ਦੀ ਅਪੀਲ ਕੀਤੀ ਹੈ।
ਮੰਤਰਾਲੇ ਨੇ ਕਿਹਾ, ‘ਕੰਟੇਨਮੈਂਟ ਜ਼ੋਨ ਦੇ ਬਾਹਰ ਹੀ ਸਮਾਗਮ ਅਤੇ ਤਿਉਹਾਰਾਂ ਦੇ ਆਯੋਜਨ ਦੀ ਆਗਿਆ ਦਿੱਤੀ ਜਾਏਗੀ। ਕੰਟੇਨਮੈਂਟ ਜ਼ੋਨ ਦੇ ਪ੍ਰਬੰਧਕਾਂ, ਕਰਮਚਾਰੀਆਂ ਅਤੇ ਲੋਕਾਂ ਨੂੰ ਸ਼ਾਮਲ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਇਸ ਵਿੱਚ ਇਹ ਵੀ ਕਿਹਾ ਕਿ ਤਿਉਹਾਰਾਂ ਨਾਲ ਜੁੜੇ ਮੇਲੇ, ਰੈਲੀਆਂ, ਪ੍ਰਦਰਸ਼ਨਾਂ, ਸੱਭਿਆਚਾਰਕ ਸਮਾਗਮਾਂ ਅਤੇ ਆਦਿ ਹੋਰ ਸਮਾਰੋਹ ਦੇ ਪ੍ਰਬੰਧਕਾਂ ਨੂੰ ਕੰਟੇਨਮੈਂਟ ਜ਼ੋਨ ਦੇ ਲੋਕਾਂ ਦੀ ਪਛਾਣ ਕਰਨ ਦੇ ਨਾਲ-ਨਾਲ ਥਰਮਲ ਸਕ੍ਰੀਨਿੰਗ, ਸਮਾਜਿਕ ਦੂਰੀ, ਸੈਨੇਟਾਈਜ਼ੇਸ਼ਨ ਆਦਿ ਵਰਗੇ ਉਪਾਵਾਂ ਲਈ ਇੱਕ ਵਿਸਤਾਰ ਨਾਲ ਯੋਜਨਾ ਤਿਆਰ ਕਰਨੀ ਪਵੇਗੀ।
ਸਮਾਗਮਾਂ ਵਿੱਚ ਲੋਕਾਂ ਦੀ ਗਿਣਤੀ ਨਿਰਧਾਰਤ ਸੀਮਾ ਤੋਂ ਵੱਧ ਨਹੀਂ ਹੋਣੀ ਚਾਹੀਦੀ। ਸਮਾਜਕ ਦੂਰੀ ਅਤੇ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਸਿਰਫ ਇਹ ਹੀ ਨਹੀਂ, ਲੰਮੇ ਪ੍ਰੋਗਰਾਮਾਂ ਵਿੱਚ ਇੱਕ ਐਂਬੂਲੈਂਸ ਦੀ ਸਹੂਲਤ ਵੀ ਹੋਣੀ ਚਾਹੀਦੀ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਥਰਮਲ ਸਕੈਨਿੰਗ, ਸਮਾਜਿਕ ਦੂਰੀ ਅਤੇ ਮਾਸਕ ਪਹਿਨਣ ਨੂੰ ਯਕੀਨੀ ਬਣਾਉਣ ਲਈ ਵਾਲੰਟੀਅਰਾਂ ਨੂੰ ਕਾਫ਼ੀ ਗਿਣਤੀ ਵਿੱਚ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ।