ਨਵੀਂ ਦਿੱਲੀ: ਡੀਐੱਮਆਰਸੀ ਦੇ ਇੱਕ ਕਰਮਚਾਰੀ ਨੇ ਐਤਵਾਰ ਨੂੰ ਫ਼ਾਂਸੀ ਲਗਾ ਕੇ ਆਪਣੇ ਘਰ 'ਚ ਖੁਦਕੁਸ਼ੀ ਕਰ ਲਈ। ਉਸ ਨੇ ਆਪਣੀ ਮੌਤ ਨੂੰ ਫੇਸਬੁੱਕ ਉੱਤੇ ਲਾਈਵ ਕੀਤਾ। ਉਸ ਨੂੰ ਮੈਸੇਜ ਭੇਜਕੇ ਲੋਕ ਅਜਿਹਾ ਨਾ ਕਰਨ ਲਈ ਕਹਿੰਦੇ ਰਹੇ, ਪਰ ਉਸ ਨੇ ਫ਼ਾਂਸੀ ਲਗਾ ਕੇ ਆਪਣੀ ਜਾਨ ਦੇ ਦਿੱਤੀ।
ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਤੁਰੰਤ ਪੁਲਿਸ ਮੌਕੇ ਉੱਤੇ ਪਹੁੰਚੀ। ਸ਼ਾਹਦਰਾ ਦੇ ਤੇਲੀਵਾੜਾ ਇਲਾਕੇ ਵਿੱਚ ਇਸ ਘਰ ਚੋਂ ਪੁਲਿਸ ਨੂੰ ਸੂਰਿਆਕਾਂਤ ਦਾਸ ਮਿਲਿਆ, ਜਿਸ ਨੇ ਇਹ ਕਾਲ ਕੀਤੀ ਸੀ। ਇਸ ਤੋਂ ਇਲਾਵਾ ਮਕਾਨ ਮਾਲਿਕ ਸੰਜੈ ਅਰੋੜਾ ਵੀ ਉੱਥੇ ਮੌਜੂਦ ਸੀ।
ਕਾਲ ਕਰਨ ਵਾਲੇ ਸੂਰਿਆਕਾਂਤ ਨੇ ਦੱਸਿਆ ਕਿ ਉਸ ਦੇ ਦੋਸਤ ਸ਼ੁਭਾਂਕਰ ਚੱਕਰਵਰਤੀ ਨੇ ਖੁਦਕੁਸ਼ੀ ਕਰ ਲਈ ਹੈ। ਉਹ ਪੱਛਮੀ ਬੰਗਾਲ ਦੇ 24 ਪਰਗਨਾ ਦਾ ਰਹਿਣ ਵਾਲਾ ਸੀ। ਇਸ ਮਕਾਨ ਦੀ ਦੂਜੀ ਮੰਜਿਲ ਉੱਤੇ ਉਹ ਬੀਤੇ ਦੋ ਮਹੀਨਿਆਂ ਤੋਂ ਰਹਿੰਦਾ ਸੀ। ਦਰਵਾਜ਼ਾ ਤੋੜਕੇ ਪੁਲਿਸ ਜਦੋਂ ਅੰਦਰ ਪੁੱਜੀ ਤਾਂ ਸ਼ੁਭਾਂਕਰ ਪਲਾਸਟਿਕ ਦੀ ਰੱਸੀ ਨਾਲ ਲਟਕਿਆ ਹੋਇਆ ਸੀ। ਪੁਲਿਸ ਨੇ ਉਸ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਖਿੜਕੀ ਉੱਤੇ ਉਸ ਦਾ ਮੋਬਾਈਲ ਰੱਖਿਆ ਹੋਇਆ ਸੀ, ਜਿਸ ਉੱਤੇ ਫੇਸਬੁਕ ਲਾਈਵ ਚੱਲ ਰਿਹਾ ਸੀ। ਮੌਕੇ ਤੋਂ ਕੋਈ ਸੁਸਾਇਡ ਨੋਟ ਪੁਲਿਸ ਨੂੰ ਨਹੀਂ ਮਿਲਿਆ ਹੈ। ਫਿਲਹਾਲ ਉਸ ਦੇ ਪਰਿਵਾਰ ਵਾਲਿਆਂ ਨੇ ਵੀ ਕਿਸੇ ਉੱਤੇ ਸ਼ੱਕ ਜ਼ਾਹਿਰ ਨਹੀਂ ਕੀਤਾ ਹੈ।
ਕਾਲ ਕਰਨ ਵਾਲੇ ਸੂਰਿਆਕਾਂਤ ਦਾਸ ਨੇ ਪੁਲਿਸ ਨੂੰ ਦੱਸਿਆ ਕਿ ਸਵੇਰੇ 8 ਵਜੇ ਆਕਾਸ਼ ਨੇ ਉਸ ਨੂੰ ਦੱਸਿਆ ਕਿ ਸ਼ੁਭਾਂਕਰ ਨੇ ਫੇਸਬੁੱਕ ਉੱਤੇ ਲਾਈਵ ਸੁਸਾਇਡ ਕੀਤਾ ਹੈ। ਸੂਰਿਆਕਾਂਤ ਨੇ ਇਹ ਜਾਣਕਾਰੀ ਆਪਣੇ ਦੋਸਤ ਰਾਜੇਂਦਰ ਓਝਾ ਨੂੰ ਦਿੱਤੀ ਅਤੇ ਉਹ ਸ਼ੁਭਾਂਕਰ ਦੇ ਘਰ ਪੁੱਜ ਗਿਆ, ਜਿੱਥੇ ਉਸ ਨੇ ਵੇਖਿਆ ਕਿ ਦਰਵਾਜ਼ਾ ਅੰਦਰੋਂ ਬੰਦ ਹੈ। ਉਸ ਨੇ ਖਿੜਕੀ ਤੋਂ ਝਾਂਕ ਕੇ ਵੇਖਿਆ ਤਾਂ ਉਹ ਰੱਸੀ ਨਾਲ ਲਟਕਿਆ ਹੋਇਆ ਸੀ, ਜਿਸ ਤੋਂ ਬਾਅਦ ਉਸਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।
ਪੁਲਿਸ ਅਨੁਸਾਰ ਸ਼ੁਭਾਂਕਰ ਡੀਐੱਮਆਰਸੀ ਵਿੱਚ ਮੇਂਟੇਨਰ ਦਾ ਕੰਮ ਕਰਦਾ ਸੀ। ਬੀਤੇ ਦੋ-ਤਿੰਨ ਮਹੀਨਿਆਂ ਤੋਂ ਉਸ ਦੀ ਟਰੇਨਿੰਗ ਚੱਲ ਰਹੀ ਸੀ। ਉਹ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਸ ਦੇ ਪਰਿਵਾਰ ਵਿੱਚ ਭੈਣ ਹੈ, ਜਿਸ ਦਾ ਵਿਆਹ ਹੋ ਚੁੱਕਿਆ ਹੈ। ਉਸ ਦੇ ਪਰਿਵਾਰ ਦੇ ਆਉਣ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।