ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂਐਨਐਸਸੀ) ਵਿੱਚ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੇ ਮਾਮਲੇ 'ਤੇ ਅਹਿਮ ਬੈਠਕ ਹੋਈ ਜਿਸ ਵਿੱਚ ਪਾਕਿਸਤਾਨ ਅਤੇ ਚੀਨ ਨੂੰ ਕਰਾਰੇ ਜਵਾਬ ਦਾ ਸਾਹਮਣਾ ਕਰਨਾ ਪਿਆ। ਇਸ ਮੀਟਿੰਗ ਵਿੱਚ ਭਾਰਤ ਦੇ ਹੱਕ ਦੀ ਗੱਲ ਰੂਸ ਨੇ ਕਰਦਿਆਂ ਕਿਹਾ ਕਿ ਇਹ ਦੇਸ਼ ਦਾ ਨਿੱਜੀ ਮਾਮਲਾ ਹੈ। ਇਸ ਮੁੱਦੇ ਦੀ ਗੱਲਬਾਤ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੀ ਹੋਣੀ ਚਾਹੀਦੀ ਹੈ ਜਦੋਂ ਕਿ ਪਾਕਿਸਤਾਨ ਨੂੰ ਸਪੋਰਟ ਕਰਨ ਵਾਲੇ ਚੀਨ ਨੇ ਘਾਟੀ ਦੇ ਹਲਾਤ ਖ਼ਤਰਨਾਕ ਅਤੇ ਚਿੰਤਾਜਨਕ ਦੱਸੇ।
ਬੈਠਕ ਪੂਰੀ ਹੋਣ ਤੋਂ ਬਾਅਦ ਯੂਐਨਐਸਸੀ ਵਿੱਚ ਭਾਰਤ ਦਾ ਪੱਖ ਲੈ ਕੇ ਗਏ ਸੈਯਦ ਅਕਬਰੁਦੀਨ ਨੇ ਦੱਸਿਆ ਕਿ ਜੰਮੂ-ਕਸ਼ਮੀਰ ਵਿੱਚ ਲਿਆ ਗਿਆ ਭਾਰਤੀ ਸਰਕਾਰ ਦਾ ਫ਼ੈਸਲਾ ਦੇਸ਼ ਦਾ ਅੰਦਰੂਨੀ ਮਾਮਲਾ ਹੈ ਅਤੇ ਇਹ ਫ਼ੈਸਲਾ ਸਮਾਜਕ ਅਤੇ ਆਰਥਕ ਵਿਕਾਸ ਦੇ ਮੱਦੇਨਜ਼ਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਧਾਰਾ 370 ਕੋਈ ਕੌਮਾਂਤਰੀ ਮਾਮਲਾ ਨਹੀਂ ਹੈ, ਇਹ ਦੇਸ਼ ਦਾ ਅੰਦਰੂਨੀ ਮਾਮਲਾ ਹੈ। ਦੇਸ਼ ਕਸ਼ਮੀਰ ਵਿੱਚ ਲੱਗੀਆਂ ਪਾਬੰਦੀਆਂ ਨੂੰ ਹੌਲੀ-ਹੌਲੀ ਖ਼ਤਮ ਕਰ ਰਿਹਾ ਹੈ। ਇਸ ਦੇ ਨਾਲ ਹੀ ਕਿਹਾ ਕਿ ਪਾਕਿਸਤਾਨ ਜੇਹਾਦ ਦੀ ਗੱਲ ਕਰ ਕੇ ਉਨ੍ਹਾਂ ਦੇ ਦੇਸ਼ ਵਿੱਚ ਹਿੰਸਾ ਫੈਲਾ ਰਿਹਾ ਹੈ। ਜਦੋਂ ਤੱਕ ਅੱਤਵਾਦ ਖ਼ਤਮ ਨਹੀਂ ਹੁੰਦਾ ਉਦੋਂ ਤੱਕ ਗੱਲਬਾਤ ਸੰਭਵ ਨਹੀਂ ਹੈ।