ਹੈਦਰਾਬਾਦ: ਤੇਲੰਗਾਨਾ ਦੇ ਡੁੰਡੀਗਲ ਵਿੱਚ ਏਅਰ ਫੋਰਸ ਅਕੈਡਮੀ ਨੇੜੇ ਸ਼ਨੀਵਾਰ ਰਾਤ ਨੂੰ ਇੱਕ ਕੈਮੀਕਲ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।
ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਪਲੱਬਧ ਜਾਣਕਾਰੀ ਦੇ ਮੁਤਾਬਕ ਇਹ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਅੱਗ ਯੂਨਿਟ ਦੇ ਗੋਦਾਮ ਵਿੱਚ ਲੱਗੀ ਸੀ ਅਤੇ ਘੋਲਨ ਵਾਲੀਆਂ ਚੀਜ਼ਾਂ ਵਾਲੇ ਡਰੱਮ ਇੱਕ ਤੋਂ ਬਾਅਦ ਇੱਕ ਫਟਣੇ ਸ਼ੁਰੂ ਹੋ ਗਏ ਅਤੇ ਅੱਗ ਤੇਜ਼ੀ ਨਾਲ ਫੈਲ ਗਈ।
ਇੱਕ ਅਧਿਕਾਰੀ ਨੇ ਦੱਸਿਆ ਕਿ ਅੱਗ ਨੂੰ ਬੁਝਾਉਣ ਲਈ 8 ਫਾਇਰ ਟੈਂਡਲ ਲਿਆਂਦੇ ਗਏ ਜਿਸ ਦੇ ਵਿੱਚ ਡੁੰਡੀਗਲ ਏਅਰਫੋਰਸ ਐਕੇਡਮੀ ਦੇ ਦੋ ਟੈਂਡਰ ਸ਼ਾਮਲ ਸਨ। ਉਸ ਨੇ ਦੱਸਿਆ ਕਿ ਖੇਤਰ ਵਿਚੋਂ ਸੰਘਣਾ ਕਾਲਾ ਧੂੰਆਂ ਨਿਕਲਿਆ ਸੀ।
ਅਧਿਕਾਰੀ ਨੇ ਦੱਸਿਆ, "ਅੱਗ ਦੀ ਤੀਬਰਤਾ ਨੂੰ ਘਟਾ ਦਿੱਤਾ ਗਿਆ ਹੈ ... ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਾ ਕਿਸੇ ਨੂੰ ਸੱਟ ਲੱਗੀ ਹੈ। ਘਟਨਾ ਦੇ ਸਮੇਂ ਕੋਈ ਵੀ ਯੂਨਿਟ ਵਿੱਚ ਨਹੀਂ ਸੀ।" ਅਧਿਕਾਰੀ ਨੇ ਦੱਸਿਆ ਕਿ ਡ੍ਰਮਾਂ ਦੇ ਫਟਣ ਤੋਂ ਬਾਅਦ ਸ਼ੈੱਡ ਢਹਿ ਗਿਆ।
ਇਹ 2 ਦਿਨਾਂ 'ਚ ਅੱਗ ਲੱਗਣ ਦੀ ਦੂਜੀ ਘਟਨਾ ਹੈ। 20 ਅਗਸਤ ਨੂੰ ਨਾਗਰਕਨੂਲੂਲ ਜ਼ਿਲ੍ਹੇ ਵਿੱਚ ਸਥਿਤ ਹਾਈਡ੍ਰੋ-ਇਲੈਕਟ੍ਰਿਕ ਪਾਵਰ ਪਲਾਂਟ ਵਿੱਚ ਲੱਗੀ ਅੱਗ ਵਿੱਚ 9 ਲੋਕਾਂ ਦੀ ਮੌਤ ਹੋ ਗਈ ਸੀ।