ਇੰਦੌਰ: ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਪੀਰ ਪੀਪਲਿਆ ਪਿੰਡ ਦੇ ਰਹਿਣ ਵਾਲੇ ਫੌਜ ਦੇ ਜਵਾਨ ਮੋਹਨ ਲਾਲ ਸੁਨੇਰ ਸਾਲ 1992 ਵਿੱਚ ਆਸਾਮ ਪੋਸਟਿੰਗ ਦੌਰਾਨ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਆਰਥਿਕ ਤੰਗੀ ਨਾਲ ਜ਼ਿੰਦਗੀ ਕੱਟ ਰਿਹਾ ਸੀ। ਸ਼ਹੀਦ ਦੀ ਪਤਨੀ ਝੋਪੜੀ ਵਿੱਚ ਰਹਿਕੇ ਅਤੇ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਢਿੱਡ ਭਰਦੀ ਸੀ। ਪਰ, ਇਸ ਵਾਰ ਆਜ਼ਾਦੀ ਦਿਹਾੜੇ ਉੱਤੇ ਇਲਾਕੇ ਦੇ ਨੌਜਵਾਨਾਂ ਨੇ ਦੇਸ਼ ਭਗਤੀ ਦੀ ਸੱਚੀ ਮਿਸਾਲ ਪੇਸ਼ ਕੀਤੀ ਅਤੇ ਵਨ ਚੈੱਕ-ਵਨ ਸਾਈਨ ਫਾਰ ਵਨ ਸ਼ਹੀਦ ਦੇ ਨਾਂਅ 'ਤੇ ਅਭਿਆਨ ਚਲਾਇਆ, ਜਿਸ ਵਿੱਚ ਉਨ੍ਹਾਂ ਨੇ 11 ਲੱਖ ਰੁਪਏ ਇੱਕਠੇ ਕਰ ਲਏ ਅਤੇ ਇਨ੍ਹਾਂ ਪੈਸਿਆਂ ਨਾਲ ਉਨ੍ਹਾਂ ਸ਼ਹੀਦ ਦਾ ਪਰਿਵਾਰ ਲਈ ਘਰ ਬਣਵਾਇਆ ਅਤੇ ਰੱਖੜੀ ਮੌਕੇ ਸ਼ਹੀਦ ਦੀ ਪਤਨੀ ਤੋਂ ਰੱਖੜੀ ਬੰਨਵਾ ਕੇ ਤੋਹਫ਼ੇ ਦੇ ਤੌਰ 'ਤੇ ਘਰ ਦਿੱਤਾ।
ਪਿੰਡ ਦੇ ਲੋਕਾਂ ਅਨੁਸਾਰ, ਜੋ ਕੰਮ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਸੀ, ਉਹ ਸਥਾਨਕ ਲੋਕਾਂ ਦੀ ਪਹਿਲ ਉੱਤੇ ਕੀਤਾ ਗਿਆ ਹੈ। ਅਭਿਆਨ ਦੇ ਕਨਵੀਨਰ ਵਿਸ਼ਾਲ ਰਾਠੀ ਨੇ ਦੱਸਿਆ ਕਿ ਇੱਕ ਸਾਲ ਪਹਿਲਾਂ ਜਦੋਂ ਅਸੀਂ ਸ਼ਹੀਦ ਦੇ ਪਿੰਡ ਗਏ ਤਾਂ ਉਨ੍ਹਾਂ ਦਾ ਮਕਾਨ ਵੇਖਕੇ ਕਾਫ਼ੀ ਦੁੱਖ ਹੋਇਆ। ਇਸ ਤੋਂ ਬਾਅਦ ਅਸੀਂ ਅਭਿਆਨ ਚਲਾਇਆ।
ਵੀਡੀਓ ਵੇਖਣ ਲਈ ਕਲਿੱਕ ਕਰੋ
ਮੋਹਨ ਸਿੰਘ ਸੁਨੇਰ ਜਦੋਂ ਸ਼ਹੀਦ ਹੋਏ ਸਨ, ਉਸ ਵੇਲ਼ੇ ਉਨ੍ਹਾਂ ਦਾ ਤਿੰਨ ਸਾਲ ਦਾ ਇੱਕ ਪੁੱਤਰ ਸੀ ਅਤੇ ਪਤਨੀ ਰਾਜੂ ਬਾਈ ਚਾਰ ਮਹੀਨਿਆਂ ਦੀ ਗਰਭਵਤੀ ਸੀ। ਜਿਸ ਤੋਂ ਬਾਅਦ ਇੱਕ ਹੋਰ ਪੁੱਤਰ ਦਾ ਜਨਮ ਹੋਇਆ। ਦੋਵੇਂ ਪੁੱਤਰ ਝੌਂਪੜੀ ਵਿੱਚ ਰਹਿਕੇ ਮਿਹਨਤ-ਮਜ਼ਦੂਰੀ ਕਰਕੇ ਪਰਿਵਾਰ ਚਲਾ ਰਹੇ ਸਨ।
ਅਭਿਆਨ ਦੇ ਕਨਵੀਨਰ ਵਿਸ਼ਾਲ ਰਾਠੀ ਅਨੁਸਾਰ, ਸ਼ਹੀਦ ਦੇ ਪਰਿਵਾਰ ਲਈ ਦਸ ਲੱਖ ਰੁਪਏ ਵਿੱਚ ਘਰ ਤਿਆਰ ਹੋ ਗਿਆ, ਇਸਦੇ ਨਾਲ ਹੀ ਇੱਕ ਲੱਖ ਰੁਪਏ ਮੋਹਨ ਸਿੰਘ ਦੀ ਮੂਰਤੀ ਲਈ ਰੱਖੇ ਹਨ। ਮੂਰਤੀ ਵੀ ਲਗਭਗ ਤਿਆਰ ਹੈ, ਇਸਨੂੰ ਪੀਰ ਪੀਪਲਿਆ ਦੇ ਮੁੱਖ ਮਾਰਗ ਉੱਤੇ ਲਗਾਵਾਂਗੇ, ਇਸਦੇ ਨਾਲ ਹੀ ਜਿਸ ਸਰਕਾਰੀ ਸਕੂਲ ਵਿੱਚ ਉਨ੍ਹਾਂ ਨੇ ਪੜ੍ਹਾਈ ਕੀਤੀ ਹੈ, ਉਸਦਾ ਨਾਂਅ ਵੀ ਉਨ੍ਹਾਂ ਦੇ ਨਾਮ ਉੱਤੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।