ਪਟਨਾ: ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾਰੀ ਨੇ ਮ੍ਰਿਤਕ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਘਰ ਜਾ ਅਦਾਕਾਰ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸਿਆਸਤਦਾਨ ਨੇ ਰਾਜਪੂਤ ਦੀ ਖੁਦਕੁਸ਼ੀ ਨਾਲ ਬਾਲੀਵੁੱਡ ਦੀ ਵੱਡੀਆਂ ਹਸਤੀਆਂ ਦੇ ਸਬੰਧ ਹੋਣ 'ਤੇ ਵੀ ਕਈ ਸਵਾਲ ਖੜੇ ਕੀਤੇ।
ਪਟਨਾ ਪਹੁੰਚੇ ਤਿਵਾਰੀ ਨੇ ਕਿਹਾ ਕਿ ਸੁਸ਼ਾਂਤ ਨਾਲ ਜੋ ਵੀ ਵਾਪਰਿਆ ਉਹ ਬਹੁਤ ਗਲਤ ਹੈ। ਦੁਖੀ ਪਰਿਵਾਰ ਨਾਲ ਸੋਗ ਪ੍ਰਗਟ ਕਰਦਿਆਂ ਭਾਜਪਾ ਸੰਸਦ ਮੈਂਬਰ ਨੇ ਕਿਹਾ ਕਿ ਮੀਡੀਆ 'ਚ ਉਨ੍ਹਾਂ ਦੇ ਬਾਰੇ ਜੋ ਦੱਸਿਆ ਜਾ ਰਿਹਾ ਹੈ ਉਸ ਨੂੰ ਹਜ਼ਮ ਕਰਨਾ ਮੁਸ਼ਕਲ ਹੈ।
ਤਿਵਾਰੀ ਨੇ ਸੁਸ਼ਾਂਤ ਦੇ ਕੇਸ ਦੀ ਚੰਗੀ ਤਰ੍ਹਾਂ ਪੜਤਾਲ ਕਰਨ ਅਤੇ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਛੋਟੇ ਸ਼ਹਿਰਾਂ ਦੇ ਲੋਕਾਂ ਨੂੰ ਬਾਲੀਵੁੱਡ ਵਿੱਚ ਅਕਸਰ ਹੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸੁਸ਼ਾਂਤ ਸਿੰਘ ਨੂੰ ਵੀ ਇਸੇ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ। ਦੱਸਣਯੋਗ ਹੈ ਕਿ ਹਾਲ ਹੀ 'ਚ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਵੀ ਸੁਸ਼ਾਂਤ ਦੇ ਪਰਿਵਾਰਕ ਮੈਂਬਰਾਂ ਨਾਲ ਉਨ੍ਹਾਂ ਦੀ ਨਿਵਾਸ ਸਥਆਨ ਜਾ ਮੁਲਾਕਾਤ ਕਰ ਦੁਖ ਸਾਂਝਾ ਕੀਤਾ ਸੀ।
ਜ਼ਿਕਰਯੋਗ ਹੈ ਕਿ ਬਾਲੀਵੁੱਡ ਦੇ ਨਾਮੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਖ਼ੁਦਕੁਸ਼ੀ ਕੀਤੀ ਸੀ ਜਿਸ ਤੋਂ ਬਾਅਦ ਉਸ ਦੀ ਮੌਤ 'ਤੇ ਕਈ ਸਵਾਲ ਖੜੇ ਹੁੰਦੇ ਵਿਖਾਈ ਦਿੱਤੇ ਅਤੇ ਸਲਮਾਨ ਖ਼ਾਨ ਅਤੇ ਕਰਨ ਜੋਹਰ ਸਣੇ ਕੁੱਲ ਅੱਠ ਬੰਦਿਆਂ 'ਤੇ ਮਾਮਲਾ ਵੀ ਦਰਜ ਹੋਇਆ ਹੈ।