ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਬਿਨਾਂ ਕਿਸੇ ਮੁਕਾਬਲੇ ਤੋਂ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਬਣ ਗਏ ਹਨ। ਰਾਜਸਥਾਨ ਤੋਂ ਭਾਰਤੀ ਜਨਤਾ ਪਾਰਟੀ ਜਾਂ ਹੋਰ ਕਿਸੇ ਨੇ ਵੀ ਮਨਮੋਹਨ ਸਿੰਘ ਵਿਰੁੱਧ ਕਾਗਜ਼ ਨਹੀਂ ਭਰੇ ਸਨ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਲੋਤ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਲੋਤ ਨੇ ਟਵੀਟ ਕਰਕੇ ਕਿਹਾ ਕਿ ਮੈਂ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਨੂੰ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਵਜੋਂ ਬਿਨਾਂ ਮੁਕਾਬਲੇ ਚੁਣੇ ਜਾਣ 'ਤੇ ਵਧਾਈ ਦਿੰਦਾ ਹਾਂ। ਰਾਜਸਥਾਨ ਵਿਧਾਨ ਸਭਾ ਦੇ ਚੋਣ ਤੇ ਰਾਜ ਸਭਾ ਚੋਣ ਅਧਿਕਾਰੀ ਪ੍ਰਮਿਲ ਕੁਮਾਰ ਮਾਥੁਰ ਨੇ ਸਰਕਾਰੀ ਚੀਫ਼ ਵ੍ਹਿਪ ਮਹੇਸ਼ ਜੋਸ਼ੀ ਨੂੰ ਮਨਮੋਹਨ ਸਿੰਘ ਦੀ ਚੋਣ ਦਾ ਪ੍ਰਮਾਣ ਪੱਤਰ ਸੌਂਪਿਆ ਹੈ।
ਮਹੇਸ਼ ਜੋਸ਼ੀ ਮਨਮੋਹਨ ਸਿੰਘ ਦੇ ਚੋਣ ਏਜੰਟ ਹਨ। ਐਤਵਾਰ ਸ਼ਾਮ ਨੂੰ ਚੋਣ ਪ੍ਰਕਿਰਿਆ ਖ਼ਤਮ ਹੋਣ ਤੋਂ ਬਾਅਦ ਮਨਮੋਹਨ ਸਿੰਘ ਨੂੰ ਰਾਜਸਥਾਨ ਤੋਂ ਕਾਂਗਰਸ ਦੀ ਟਿਕਟ 'ਤੇ ਰਾਜ ਸਭਾ ਦਾ ਮੈਂਬਰ ਚੁਣਿਆ ਗਿਆ ਹੈ। ਮਨਮੋਹਨ ਸਿੰਘ ਵਿਰੁੱਧ ਬੀਜੇਪੀ ਨੇ ਆਪਣਾ ਉਮੀਦਵਾਰ ਨਹੀਂ ਖੜ੍ਹਾ ਕੀਤਾ, ਜਿਸ ਕਾਰਨ ਬਿਨਾਂ ਮੁਕਾਬਲਾ ਉਨ੍ਹਾਂ ਦੀ ਚੋਣ ਹੋ ਗਈ।
ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮੰਗਲਵਾਰ ਨੂੰ ਰਾਜਸਭਾ ਦੀ ਮੈਂਬਰ ਲਈ ਆਪਣੇ ਕਾਗਜ਼ ਦਾਖਲ ਕੀਤੇ ਸਨ। ਭਾਜਪਾ ਦੇ ਰਾਜ ਸਭਾ ਮੈਂਬਰ ਸੈਣੀ ਦੀ ਮੌਤ ਬਾਅਦ ਇਹ ਸੀਟ ਖਾਲੀ ਹੋਈ ਸੀ। ਮਨਮੋਹਨ ਸਿੰਘ ਲਗਪਗ ਤਿੰਨ ਦਹਾਕਿਆਂ ਤੋਂ ਅਸਾਮ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਰਹੇ ਹਨ।