ਨਵੀਂ ਦਿੱਲੀ: ਸੁਪਰੀਮ ਕੋਰਟ 'ਚ 1984 ਦੇ ਸਿੱਖ ਕਤਲੇਆਮ ਨੂੰ ਲੈ ਕੇ ਅੱਜ ਰਿਪੋਰਟ ਅਦਾਲਤ ਵਿਚ ਸੌਂਪੀ ਗਈ ਹੈ। ਇਸ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਦਾਲਤ ਵਿੱਚ ਰਿਪੋਰਟ ਸੌਂਪੇ ਜਾਣ ਮਗਰੋਂ ਹੋਰ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਦਾ ਰਾਹ ਪੱਧਰਾ ਹੋਇਆ ਹੈ।
ਸਿਰਸਾ ਨੇ ਕਿਹਾ ਕਿ ਅੱਜ ਰਿਪੋਰਟ ਕਮੇਟੀ ਵੱਲੋਂ ਅਦਾਲਤ ਵਿੱਚ ਪੇਸ਼ ਕੀਤੀ ਗਈ, ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਜਦੋਂ ਇਹ ਰਿਪੋਰਟ ਸੁਪਰੀਮ ਕੋਰਟ ਪੜ੍ਹੇਗੀ ਅਤੇ ਇਸ 'ਤੇ ਪ੍ਰਤੀਕਰਮ ਦੇਵੇਗਾ ਤਾਂ 186 ਵਿਚੋਂ ਬਹੁਤ ਸਾਰੇ ਕੇਸ ਅਜਿਹੇ ਹੋਣਗੇ ਜਿਸ ਵਿੱਚ ਵੱਡੇ ਵੱਡੇ ਮੱਗਰਮੱਛ ਜੋ ਕਿ ਪਹਿਲਾਂ ਸਬੂਤਾਂ ਦੀ ਘਾਟ ਕਾਰਨ ਛੁੱਟ ਗਏ ਸਨ, ਉਨ੍ਹਾਂ ਵਿਰੁੱਧ ਨਵੇਂ ਸਿਰੇ ਤੋਂ ਕੇਸ ਚਲਾਉਣ ਦਾ ਰਾਹ ਖੁਲ੍ਹੇਗਾ।
ਸਿਰਸਾ ਨੇ ਕਿਹਾ ਕਿ 35 ਸਾਲਾਂ ਤੋਂ 1984 ਦੇ ਸਿੱਖ ਕਤਲੇਆਮ ਪੀੜਤ ਪਰਿਵਾਰ ਨਿਆਂ ਦੀ ਉਡੀਕ ਕਰ ਰਹੇ ਹਨ ਪਰ ਸਮੇਂ ਦੀਆਂ ਕਾਂਗਰਸੀ ਸਰਕਾਰਾਂ ਨੇ ਆਪਣੀ ਤਾਕਤ ਦੀ ਦੁਰਵਰਤੋਂ ਕਰਕੇ ਕਾਂਗਰਸ ਦੇ ਆਗੂਆਂ ਨੂੰ ਇਨ੍ਹਾਂ ਕੇਸਾਂ ਵਿਚੋਂ ਮੁਕਤ ਕਰ ਦਿੱਤਾ ਜਾਂ ਕਈਆਂ ਦੇ ਖਿਲਾਫ ਕੇਸ ਹੀ ਨਹੀਂ ਚੱਲਣ ਦਿੱਤੇ। ਉਨ੍ਹਾਂ ਕਿਹਾ ਕਿ ਹੁਣ ਕੇਂਦਰ ਵਿੱਚ ਐਨ ਡੀ ਏ ਦੀ ਸਰਕਾਰ ਹੈ ਅਤੇ ਸੁਪਰੀਮ ਕੋਰਟ ਵੱਲੋਂ 186 ਕੇਸਾਂ ਵਿੱਚ ਵਿਸ਼ੇਸ਼ ਜਾਂਚ ਟੀਮ ਬਣਾ ਕੇ ਇਨ੍ਹਾਂ ਕੇਸਾਂ ਦੀ ਮੁੜ ਪੜਤਾਲ ਕਰਵਾਈ ਗਈ ਤਾਂ ਸਾਰੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦਾ ਰਾਹ ਖੁਲ੍ਹ ਗਿਆ ਹੈ।