ਮਹਾਰਾਸ਼ਟਰ: ਸੋਮਵਾਰ ਨੂੰ ਸ਼ਿਵ ਸੈਨਾ-ਕਾਂਗਰਸ ਅਤੇ ਐਨਸੀਪੀ ਦੀ ਗੱਠਜੋੜ ਸਰਕਾਰ ਦਾ ਪਹਿਲਾ ਮੰਤਰੀ ਮੰਡਲ ਦਾ ਵਿਸਥਾਰ ਹੋਇਆ। ਕਾਂਗਰਸ, ਐਨਸੀਪੀ ਅਤੇ ਸ਼ਿਵ ਸੈਨਾ ਦੇ ਖਾਤੇ ਵਿਚੋਂ ਕੁਲ 36 ਨੇਤਾਵਾਂ ਨੇ ਮੰਤਰੀਆਂ ਵਜੋਂ ਸਹੁੰ ਚੁੱਕੀ। ਐਨਸੀਪੀ ਦੇ ਅਜੀਤ ਪਵਾਰ ਇੱਕ ਵਾਰ ਮੁੜ ਰਾਜ ਦੇ ਉਪ ਮੁੱਖ ਮੰਤਰੀ ਬਣੇ, ਪਹਿਲੀ ਵਾਰ ਆਦਿਤਿਆ ਠਾਕਰੇ ਨੇ ਵੀ ਕੈਬਨਿਟ ਮੰਤਰੀ ਦੀ ਜ਼ਿੰਮੇਵਾਰੀ ਸੰਭਾਲੀ। ਸੋਮਵਾਰ ਨੂੰ ਕੁੱਲ 25 ਕੈਬਨਿਟ ਮੰਤਰੀਆਂ, 10 ਰਾਜ ਮੰਤਰੀਆਂ ਅਤੇ ਇੱਕ ਉਪ ਮੁੱਖ ਮੰਤਰੀ ਨੇ ਸਹੁੰ ਚੁੱਕੀ।
ਜੇ ਗੱਲ ਕਰੀਏ ਊਧਵ ਠਾਕਰੇ ਦੀ ਤਾਂ ਉਹ ਮਹਾਰਾਸ਼ਟਰ ਦੇ ਮੁੱਖ ਮੰਤਰੀ ਹਨ ਅਤੇ ਅੱਜ ਉਨ੍ਹਾਂ ਦੇ ਮੁੰਡੇ ਆਦਿੱਤਿਆ ਠਾਕਰੇ ਨੇ ਵੀ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਸ ਵਾਰ ਵਿਧਾਨ ਸਭਾ ਚੋਣਾਂ ਨੇ ਠਾਕਰੇ ਪਰਿਵਾਰ ਦੇ ਇਤਿਹਾਸ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਊਧਵ ਠਾਕਰੇ ਕੋਈ ਵੀ ਅਹੁਦਾ ਸੰਭਾਲਣ ਵਾਲੇ ਠਾਕਰੇ ਪਰਿਵਾਰ ਦੇ ਪਹਿਲੇ ਮੈਂਬਰ ਸਨ, ਜਦੋਂਕਿ ਆਦਿਤਿਆ ਠਾਕਰੇ ਚੋਣ ਲੜਨ ਵਾਲੇ ਪਰਿਵਾਰ ਦੇ ਪਹਿਲੇ ਮੈਂਬਰ ਸਨ। ਦੂਜੇ ਪਾਸੇ ਭਾਜਪਾ ਨੇ ਮੰਤਰੀ ਮੰਡਲ ਦੇ ਵਿਸਥਾਰ ਲਈ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕੀਤਾ। ਪਾਰਟੀ ਦਾ ਇੱਕ ਵੀ ਮੈਂਬਰ ਇਸ ਸਮਾਗਮ ਵਿੱਚ ਸ਼ਾਮਲ ਨਹੀਂ ਹੋਇਆ।
ਦੱਸਣਯੋਗ ਹੈ ਕਿ ਮਹਾਰਾਸ਼ਟਰ ਵਿਕਾਸ ਅਗਾਦੀ ਸਰਕਾਰ (ਐਮਵੀਏ) ਦਾ ਗਠਨ 28 ਨਵੰਬਰ ਨੂੰ ਹੋਇਆ ਸੀ। ਰਾਜ ਮੰਤਰੀ ਮੰਡਲ ਵਿੱਚ ਮੁੱਖ ਮੰਤਰੀ ਤੋਂ ਇਲਾਵਾ 6 ਮੰਤਰੀ ਹਨ। 28 ਨਵੰਬਰ ਨੂੰ ਠਾਕਰੇ ਨਾਲ ਮਿਲ ਕੇ ਕਾਂਗਰਸ ਦੇ ਬਾਲਾਸਾਹਿਬ ਥੋਰਾਤ ਅਤੇ ਨਿਤਿਨ ਰਾਉਤ, ਸ਼ਿਵ ਸੈਨਾ ਦੇ ਏਕਨਾਥ ਸ਼ਿੰਦੇ ਅਤੇ ਸੁਭਾਸ਼ ਦੇਸਾਈ ਅਤੇ ਐਨਸੀਪੀ ਦੇ ਜੈਅੰਤ ਪਾਟਿਲ ਅਤੇ ਛਗਨ ਭੁਜਬਲ ਨੇ ਸਹੁੰ ਚੁੱਕੀ। ਮਹਾਰਾਸ਼ਟਰ ਵਿੱਚ ਮੰਤਰੀ ਦੇ ਅਹੁਦਿਆਂ ਦੀ ਸਭ ਤੋਂ ਵੱਧ ਗਿਣਤੀ 43 ਹੈ।
ਚੋਣਾਂ ਤੋਂ ਪਹਿਲਾਂ ਦੀ ਗਠਜੋੜ ਦੀ ਭਾਈਵਾਲ ਭਾਜਪਾ ਨਾਲ ਮੁੱਖ ਮੰਤਰੀ ਦੇ ਅਹੁਦੇ ਨੂੰ ਸਾਂਝਾ ਕਰਨ ਬਾਰੇ ਗੱਲਬਾਤ ਬਿਗੜਨ ਤੋਂ ਬਾਅਦ ਸ਼ਿਵ ਸੈਨਾ ਨੇ ਪਿਛਲੇ ਮਹੀਨੇ ਕਾਂਗਰਸ ਅਤੇ ਐਨਸੀਪੀ ਨਾਲ ਹੱਥ ਮਿਲਾ ਕੇ ਰਾਜ ਵਿੱਚ ਸਰਕਾਰ ਬਣਾਈ ਸੀ।
ਮਹਾਰਾਸ਼ਟਰ ਵਿਕਾਸ ਅਗਾੜੀ ਦੇ ਤਿੰਨ ਭਾਈਵਾਲਾਂ ਵਿਚਾਲੇ ਸੱਤਾ ਦੀ ਵੰਡ ਦੇ ਫਾਰਮੂਲੇ ਦੇ ਅਨੁਸਾਰ, ਸ਼ਿਵ ਸੈਨਾ ਨੂੰ ਮੁੱਖ ਮੰਤਰੀ ਤੋਂ ਇਲਾਵਾ 15, ਐਨਸੀਪੀ ਨੂੰ 12 ਅਤੇ ਕਾਂਗਰਸ ਨੂੰ 12 ਮੰਤਰੀ ਦਿੱਤੇ ਜਾਣਗੇ। 288 ਮੈਂਬਰੀ ਰਾਜ ਵਿਧਾਨ ਸਭਾ ਵਿੱਚ ਸ਼ਿਵ ਸੈਨਾ ਦੇ 56 ਵਿਧਾਇਕ, ਐਨਸੀਪੀ ਦੇ 54 ਅਤੇ ਕਾਂਗਰਸ ਦੇ 44 ਵਿਧਾਇਕ ਹਨ।