ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਦੀਆਂ ਚੋਣਾਂ ਦੌਰਾਨ 7 ਸੂਬਿਆਂ ਦੀਆਂ 51 ਸੀਟਾਂ 'ਤੇ ਵੋਟਿੰਗ ਹੋ ਗਈ ਹੈ। ਸੋਮਵਾਰ ਨੂੰ ਹੋਈਆਂ ਇਨ੍ਹਾਂ ਚੋਣਾਂ ਚ 62.56 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ ਜੋ ਕਿ ਪਿਛਲੀਆਂ ਚੋਣਾਂ ਦੇ ਮੁਕਾਬਲੇ 1 ਫੀਸਦੀ ਜ਼ਿਆਦਾ ਹੈ।
ਉਪ ਚੋਣ ਕਮਿਸ਼ਨਰ ਸੰਦੀਪ ਸਕਸੈਨਾ ਨੇ ਦੱਸਿਆ ਕਿ 7 ਸੂਬਿਆਂ ਦੀਆਂ 51 ਸੀਟਾਂ 'ਤੇ 62.56 ਫੀਸਦੀ ਵੋਟਿੰਗ ਹੋਈ। 2014 ਦੀਆਂ ਲੋਕ ਸਭਾ ਚੋਣਾਂ 'ਚ ਇਨ੍ਹਾਂ ਸੀਟਾਂ 'ਤੇ ਵੋਟ ਫ਼ੀਸਦੀ 61.75 ਸੀ। ਹਾਲਾਂਕਿ ਪਿਛਲੇ 4 ਗੇੜਾਂ ਦੇ ਮੁਕਾਬਲੇ 5ਵੇਂ ਗੇੜ 'ਚ ਵੋਟ ਫੀਸਦੀ ਘੱਟ ਰਹੀ।
ਸਕਸੈਨਾ ਨੇ ਦੱਸਿਆ ਕਿ ਝਾਰਖੰਡ, ਰਾਜਸਥਾਨ, ਜੰਮੂ-ਕਸ਼ਮੀਰ ਅਤੇ ਪੱਛਮੀ ਬੰਗਾਲ 'ਚ ਵੋਟਿੰਗ ਰੋਕਣ ਲਈ ਛੋਟੀਆਂ-ਮੋਟੀਆਂ ਘਟਨਾਵਾਂ ਹੋਈਆਂ ਪਰ ਬਾਕੀ ਥਾਵਾਂ 'ਤੇ ਸ਼ਾਂਤਮਈ ਢੰਗ ਨਾਲ ਵੋਟਿੰਗ ਹੋਈ। ਉਨ੍ਹਾਂ ਦੱਸਿਆ ਕਿ ਪੰਜਵੇਂ ਗੇੜ 'ਚ ਉੱਤਰ ਪ੍ਰਦੇਸ਼ ਅਤੇ ਬਿਹਾਰ 'ਚ ਵੋਟਿੰਗ ਦਾ ਪੱਧਰ ਪਿਛਲੀਆਂ ਚੋਣਾਂ ਦੇ ਮੁਕਾਬਲੇ ਵਧਿਆ ਹੈ।
ਉੱਤਰ ਪ੍ਰਦੇਸ਼ ਦੀਆਂ 14 ਸੀਟਾਂ 'ਤੇ 57.33 ਫੀਸਦੀ ਵੋਟਿੰਗ ਹੋਈ ਅਤੇ ਪਿਛਲੇ ਸਾਲ ਇਨ੍ਹਾਂ ਹੀ ਸੀਟਾਂ 'ਤੇ 56.92 ਫੀਸਦੀ ਵੋਟਿੰਗ ਹੋਈ ਸੀ। ਬਿਹਾਰ 'ਚ ਪੰਜ ਸੀਟਾਂ 'ਤੇ 57.86 ਫੀਸਦੀ, ਰਾਜਸਥਾਨ ਦੀਆਂ 12 ਸੀਟਾਂ 'ਤੇ 63.75 ਫੀਸਦੀ, ਜੰਮੂ-ਕਸ਼ਮੀਰ 'ਚ 8.76 ਫੀਸਦੀ, ਮੱਧ ਪ੍ਰਦੇਸ਼ 'ਚ 62.60 ਫੀਸਦੀ ਅਤੇ ਪੱਛਮੀ ਬੰਗਾਲ ਦੀਆਂ ਸੱਤ ਸੀਟਾਂ 'ਤੇ 73.97 ਫੀਸਦੀ ਵੋਟਿੰਗ ਹੋਈ ਹੈ।