ਰੇਵਾੜੀ: ਰਾਜਸਥਾਨ ਵੱਲੋਂ ਆਇਆ ਟਿੱਡੀ ਦਲ ਹੁਣ ਹਰਿਆਣਾ ਵਿੱਚ ਦਾਖਲ ਹੋ ਗਿਆ ਹੈ। ਹਰਿਆਣਾ ਦੇ ਮਹਿੰਦਰਗੜ ਵਿੱਚ ਫਸਲਾਂ ਨੂੰ ਬਰਬਾਦ ਕਰਕੇ ਹੁਣ ਇਹ ਦਲ ਰੇਵਾੜੀ ਚਲਿਆ ਗਿਆ ਹੈ। ਲੱਖਾਂ ਦੀ ਤਾਦਾਦ ਵਿੱਚ ਆਈਆਂ ਟਿੱਡੀਆਂ ਜਿਸ ਵੀ ਖੇਤ ਵਿੱਚ ਬੈਠੀਆਂ ਉਥੇ ਸਾਰੀ ਫਸਲ ਬਰਬਾਦ ਕਰ ਦਿੱਤੀ ਹੈ।
ਸ਼ੁੱਕਰਵਾਰ ਨੂੰ ਰਾਜਸਥਾਨ ਦੀ ਹੱਦ ਨਾਲ ਲੱਗਦੇ ਮਹਿੰਦਰਗੜ੍ਹ ਵਿੱਚ ਟਿੱਡੀਆਂ ਦਾ ਝੁੰਡ ਵਿਖਾਈ ਦਿੰਦਿਆਂ ਹੀ ਕਿਸਾਨ ਅਤੇ ਪ੍ਰਸ਼ਾਸਨ ਅਲਰਟ ਹੋ ਗਏ ਹਨ। ਕਿਸਾਨਾਂ ਨੇ ਆਪਣੇ ਪੱਧਰ 'ਤੇ ਟਿੱਡੀਆਂ ਨਾਲ ਨਜਿੱਠਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਥਾਲ਼ ਵਜਾ ਕੇ ਪਾਇਆ ਰੌਲਾ
ਇਹ ਟਿੱਡੀ ਦਲ ਸ਼ੁੱਕਰਵਾਰ ਸ਼ਾਮ 5 ਵਜੇ ਦੇ ਕਰੀਬ ਰੇਵਾੜੀ ਜ਼ਿਲ੍ਹੇ ਦੇ ਪਿੰਡ ਦਰਸ਼ਨ ਪਹੁੰਚਿਆ। ਪਿੰਡ ਵਿਚ ਟਿੱਡੀਆਂ ਦੀ ਸੂਚਨਾ ਮਿਲਣ 'ਤੇ ਕਿਸਾਨ ਆਪਣੀਆਂ ਫ਼ਸਲਾਂ ਬਚਾਉਣ ਲਈ ਖੇਤ ਵੱਲ ਦੌੜ ਗਏ। ਕਿਸਾਨਾਂ ਨੇ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਦੇਸੀ ਢੰਗ ਅਪਣਾਏ। ਇਸ ਦੌਰਾਨ ਉਨ੍ਹਾਂ ਨੇ ਆਪਣੇ ਖੇਤਾਂ ਵਿੱਚ ਧੂੰਆਂ ਕੀਤਾ ਅਤੇ ਇੱਕ ਥਾਲ਼ ਵਜਾ ਕੇ ਰੌਲਾ ਪਾਇਆ ਤਾਂ ਜੋ ਟਿੱਡੀਆਂ ਉਸ ਪਾਸੇ ਨਾ ਆ ਸਕਣ।
ਨਹੀਂ ਮਿਲੀ ਕੋਈ ਮਦਦ: ਕਿਸਾਨ
ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟਿੱਡਿਆਂ ਦੀ ਆਮਦ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਪਰ ਅਜੇ ਤੱਕ ਕੋਈ ਸਹਾਇਤਾ ਨਹੀਂ ਮਿਲੀ ਹੈ। ਕਿਸਾਨ ਜਸਵੰਤ ਨੇ ਕਿਹਾ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਖੇਤਾਂ ਵਿੱਚ ਮੌਜੂਦ ਹੈ। ਜਦੋਂ ਤੱਕ ਟਿੱਡੀ ਦਲ ਦਾ ਖ਼ਤਰਾ ਟਲ਼ ਨਹੀਂ ਜਾਂਦਾ ਉਦੋਂ ਤੱਕ ਉਹ ਖੇਤਾਂ ਵਿਚ ਖੜ੍ਹੇ ਹੋ ਕੇ ਥਾਲ਼ ਵਜਾਉਂਦੇ ਰਹਿਣਗੇ।
ਖੇਤੀਬਾੜੀ ਅਫਸਰ ਮੁਤਾਬਕ, ਟਿੱਡੀ ਦਲ ਨਾਲ ਨਜਿੱਠਣ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਟਿੱਡੀ ਦਲ ਇਕ ਥਾਂ 'ਤੇ ਬੈਠਣ ਦੀ ਉਡੀਕ ਕਰ ਰਹੀ ਹੈ। ਜਿਵੇਂ ਹੀ ਇਹ ਟਿੱਡੀ ਦਲ ਇਕ ਥਾਂ 'ਤੇ ਬੈਠੇਗਾ ਉਨ੍ਹਾਂ 'ਤੇ ਕੀਟਨਾਸ਼ਕਾਂ ਦਾ ਛਿੜਕਾਅ ਕਰਕੇ ਉਨ੍ਹਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ, ਤਾਂ ਜੋ ਉਹ ਫ਼ਸਲ ਨੂੰ ਬਰਬਾਦ ਨਾ ਕਰ ਸਕਣ। ਉਨ੍ਹਾਂ ਦੱਸਿਆ ਕਿ ਇਸ ਟਿੱਡੀ ਦਲ ਦੀ ਲੰਬਾਈ 10 ਕਿਲੋਮੀਟਰ ਅਤੇ ਚੌੜਾਈ 8 ਕਿਲੋਮੀਟਰ ਦੱਸੀ ਜਾ ਰਹੀ ਹੈ।