ਨਵੀਂ ਦਿੱਲੀ: ਵਿੱਤੀ ਸਾਲ ਦਾ ਆਖ਼ਰੀ ਮਹੀਨਾ ਚੱਲ ਰਿਹਾ ਹੈ ਅਤੇ ਇਸ ਮਹੀਨੇ ਪੂਰਾ ਦੇਸ਼ ਕੋਰੋਨਾ ਵਾਇਰਸ ਦੇ ਕਹਿਰ ਨਾਲ ਪਰੇਸ਼ਾਨ ਹੈ। ਇਸ ਦੌਰਾਨ ਕੇਂਦਰ ਸਰਕਾਰ ਤੋਂ ਆਮ ਲੋਕਾਂ ਲਈ ਰਾਹਤ ਦੀ ਖ਼ਬਰ ਮਿਲੀ ਹੈ।
ਆਓ, ਜਾਣੇ 10 ਬਿੰਦੂਆਂ ਵਿੱਚ ਕੁੱਝ ਰਾਹਤ ਦੀਆਂ ਗੱਲਾਂ...
- ਅਗਲੇ 3 ਮਹੀਨਿਆਂ ਲਈ ਏਟੀਐਮ ਤੋਂ ਨਕਦ ਕੱਢਵਾਉਣਾ ਮੁਫ਼ਤ ਕਰ ਦਿੱਤਾ ਗਿਆ ਹੈ। ਇਸਦਾ ਮਤਲਬ ਹੈ ਕਿ ਜੇ ਤੁਸੀਂ ਕਿਸੇ ਵੀ ਬੈਂਕ ਦੇ ਏਟੀਐਮ ਤੋਂ ਨਕਦ ਕੱਢਵਾਉਂਦੇ ਹੋ, ਤਾਂ ਇਸ 'ਤੇ ਕੋਈ ਚਾਰਜ ਨਹੀਂ ਲਿਆ ਜਾਵੇਗਾ। ਇਸਦੇ ਨਾਲ ਹੀ ਘੱਟੋ ਘੱਟ ਰਾਸ਼ੀ ਬੈਕ 'ਚ ਰੱਖਣ ਦੀ ਸਮੱਸਿਆ ਵੀ ਖ਼ਤਮ ਹੋ ਗਈ ਹੈ। ਭਾਵ ਬੈਂਕ ਖਾਤੇ ਵਿੱਚ ਨਕਦ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈ। ਡਿਜੀਟਲ ਵਪਾਰ ਲਈ ਬੈਂਕ ਖਰਚਿਆਂ ਨੂੰ ਘਟਾ ਦਿੱਤਾ ਗਿਆ ਹੈ। ਇਸਦਾ ਉਦੇਸ਼ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨਾ ਹੈ।
- ਸਰਕਾਰ ਨੇ ਆਧਾਰ-ਪੈਨ ਨੂੰ ਜੋੜਨ ਦੀ ਆਖ਼ਰੀ ਤਰੀਕ 30 ਜੂਨ 2020 ਤੱਕ ਵਧਾ ਦਿੱਤੀ ਹੈ। ਹੁਣ ਤੱਕ ਇਹ ਅੰਤਿਮ ਤਾਰੀਖ 31 ਮਾਰਚ ਸੀ। ਹੁਣ ਤੁਸੀਂ 30 ਜੂਨ 2020 ਤੱਕ ਆਧਾਰ ਅਤੇ ਪੈਨ ਜੋੜ ਸਕਦੇ ਹੋ।
- ਵਿਸ਼ਵਾਸ ਸਕੀਮ ਨੂੰ ਹੁਣ 30 ਜੂਨ ਕਰ ਦਿੱਤਾ ਗਿਆ ਹੈ। 31 ਮਾਰਚ ਤੋਂ ਬਾਅਦ 30 ਜੂਨ ਤੱਕ ਕੋਈ ਵਾਧੂ ਚਾਰਜ ਨਹੀਂ ਲੱਗੇਗਾ।
- ਵਿੱਤੀ ਸਾਲ 2018-19 ਲਈ ਟੈਕਸ ਰਿਟਰਨ ਦਾਖ਼ਲ ਕਰਨ ਦੀ ਆਖ਼ਰੀ ਤਰੀਕ 30 ਜੂਨ ਤੱਕ ਵਧਾ ਦਿੱਤੀ ਗਈ ਹੈ। ਹੁਣ ਤੱਕ ਇਸ ਦੀ ਆਖ਼ਰੀ ਮਿਤੀ 31 ਮਾਰਚ 2020 ਸੀ। ਹੁਣ ਨਵੀਂ ਸਮਾਂ ਸੀਮਾ 'ਤੇ ਦੇਰ ਨਾਲ ਅਦਾਇਗੀ ਕਰਨ ਲਈ ਵਿਆਜ ਦਰ 12 ਫੀਸਦੀ ਤੋਂ ਘਟਾ ਕੇ 9 ਫੀਸਦੀ ਕਰ ਦਿੱਤੀ ਗਈ ਹੈ।
- ਟੀਡੀਐੱਸ ਜਮ੍ਹਾਂ ਰਕਮ ਦੀ ਅੰਤਿਮ ਤਾਰੀਖ਼ ਨਹੀਂ ਵਧਾਈ ਗਈ ਹੈ। ਪਰ 30 ਜੂਨ 2020 ਤੱਕ ਦੇਰ ਨਾਲ ਟੀਡੀਐਸ ਲਈ ਵਿਆਜ ਦਰ 9 ਫੀਸਦ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਮੌਜੂਦਾ ਸਮੇਂ ਇਹ ਦਰ 18 ਫੀਸਦੀ ਹੈ।
- ਜੀਐੱਸਟੀ ਫਾਈਲ ਕਰਨ 'ਤੇ ਸਰਕਾਰ ਨੇ ਰਾਹਤ ਦਿੱਤੀ ਹੈ। ਦਰਅਸਲ, ਮਾਰਚ, ਅਪ੍ਰੈਲ ਅਤੇ ਮਈ ਲਈ ਜੀਐੱਸਟੀ ਰਿਟਰਨ ਦਾਖ਼ਲ ਕਰਨ ਦੀ ਆਖ਼ਰੀ ਮਿਤੀ ਵੀ 30 ਜੂਨ 2020 ਤੱਕ ਵਧਾ ਦਿੱਤੀ ਗਈ ਹੈ।
- 5 ਕਰੋੜ ਰੁਪਏ ਤੋਂ ਘੱਟ ਸਾਲਾਨਾ ਟਰਨਓਵਰ ਵਾਲੀਆਂ ਕੰਪਨੀਆਂ ਲਈ ਜੀਐਸਟੀ ਭਰਣ 'ਤੇ ਕੋਈ ਬਿਆਜ਼, ਲੋਟ ਫ਼ੀਸ ਤੇ ਜੁਰਮਾਨਾ ਨਹੀਂ ਲਗੇਗਾ। ਇਸ ਤੋਂ ਵੱਧ ਟਰਨਓਵਰ ਵਾਲੀਆਂ ਕੰਪਨੀਆਂ 'ਤੇ ਪਹਿਲੇ 15 ਦਿਨਾਂ ਲਈ ਕੋਈ ਦੇਰੀ ਫੀਸ ਅਤੇ ਜੁਰਮਾਨਾ ਨਹੀਂ ਲਗੇਗਾ। ਹਾਲਾਂਕਿ 15 ਦਿਨਾਂ ਬਾਅਦ ਉਨ੍ਹਾਂ ਲਈ ਵਿਆਜ, ਜ਼ੁਰਮਾਨਾ ਜਾਂ ਲੇਟ ਫੀਸ 9 ਫੀਸਦੀ ਦੀ ਦਰ ਨਾਲ ਹੋਵੇਗੀ। ਇਸ ਤੋਂ ਇਲਾਵਾ 30 ਜੂਨ 2020 ਨੂੰ ਕੰਪੋਜੀਸ਼ਨ ਸਕੀਮ ਦਾ ਲਾਭ ਲੈਣ ਲਈ ਆਖ਼ਰੀ ਮਿਤੀ ਵੀ ਵਧਾ ਦਿੱਤੀ ਗਈ ਹੈ।
- ਨਿਰਯਾਤ ਕਰਨ ਵਾਲੇ ਅਤੇ ਆਯਾਤ ਕਰਨ ਵਾਲੇ ਨੂੰ ਰਾਹਤ ਪ੍ਰਦਾਨ ਕਰਨ ਲਈ ਕਸਟਮ ਕਲੀਅਰੈਂਸ 30 ਜੂਨ 2020 ਤੱਕ 24 ਘੰਟੇ ਸੱਤ ਦਿਨ ਹੋਵੇਗੀ।
- ਕਾਰਪੋਰੇਟ ਨੂੰ ਰਾਹਤ ਦਿੰਦੇ ਹੋਏ ਕਿਹਾ ਗਿਆ ਕਿ ਬੋਰਡ ਦੀ ਬੈਠਕ 60 ਦਿਨਾਂ ਲਈ ਮੁਲਤਵੀ ਕੀਤੀ ਜਾ ਸਕਦੀ ਹੈ। ਇਹ ਰਾਹਤ ਫਿਲਹਾਲ ਅਗਲੇ ਦੋ ਤਿਮਾਹੀਆਂ ਲਈ ਹੈ।
- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਜਲਦੀ ਹੀ ਕੋਰੋਨਾ ਵਾਇਰਸ ਨੂੰ ਰੋਕਣ ਦੇ ਮੱਦੇਨਜ਼ਰ ਵੱਖ ਵੱਖ ਸੈਕਟਰਾਂ ਦੀ ਮਦਦ ਲਈ ਇੱਕ ਆਰਥਿਕ ਪੈਕੇਜ ਦਾ ਐਲਾਨ ਕਰੇਗੀ। ਉਨ੍ਹਾਂ ਕਿਹਾ ਕਿ ਕੋਈ ਦੇਰੀ ਨਹੀਂ ਹੋਵੇਗੀ, ਜਲਦੀ ਹੀ ਪੈਕੇਜ ਦਾ ਐਲਾਨ ਕਰ ਦਿੱਤਾ ਜਾਵੇਗਾ।