ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਜੰਮੂ ਜਨ ਸੰਵਾਦ ਰੈਲੀ ਦਾ ਸੰਬੋਧਨ ਕੀਤਾ। ਇਸ ਰੈਲੀ 'ਚ ਉਨ੍ਹਾਂ ਸਰਪੰਚ ਅਜੇ ਪੰਡਿਤ ਨੂੰ ਸ਼ਰਧਾਂਜਲੀ ਭੇਟ ਕੀਤੀ। ਵੀਡੀਓ ਕਾਨਫਰੰਸ 'ਚ ਹੋ ਰਹੀ ਇਸ ਵਰਚੁਅਲ ਰੈਲੀ 'ਚ ਰਾਜਨਾਥ ਸਿੰਘ ਨੇ ਕਿਹਾ ਕਿ ਉਹ ਦੇਸ਼ ਦੇ ਬਹਾਦੁਰਾਂ ਨੂੰ ਸਲਾਮ ਕਰਦੇ ਹਨ।
ਸਿੰਘ ਨੇ ਕਿਹਾ ਕਿ ਜੰਮੂ ਕਸ਼ਮੀਰ ਦੀ ਤਸਵੀਰ ਇੰਨੀ ਬਦਲ ਜਾਵੇਗੀ ਕਿ ਪੀਓਕੇ ਦੇ ਲੋਕ ਵੀ ਇਥੇ ਰਹਿਣਾ ਪਸੰਦ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤ ਅਤੇ ਚੀਨ ਵਿੱਚ ਜੋ ਵੀ ਵਿਵਾਦ ਪੈਦਾ ਹੋਇਆ ਹੈ, ਇਸ ਸਮੇਂ ਫੌਜੀ ਪੱਧਰ 'ਤੇ ਗੱਲਬਾਤ ਚੱਲ ਰਹੀ ਹੈ। ਚੀਨ ਨੇ ਵੀ ਇੱਛਾ ਜਤਾਈ ਹੈ ਕਿ ਇਸ ਨੂੰ ਵਿਚਾਰ ਵਟਾਂਦਰੇ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਫੌਜੀ ਅਤੇ ਕੂਟਨੀਤਕ ਪੱਧਰ ‘ਤੇ ਵਿਚਾਰ ਵਟਾਂਦਰੇ ਰਾਹੀਂ ਹੱਲ ਕੱਢਣ ਦੀ ਵੀ ਹੈ। ਭਾਰਤ ਰੱਖਿਆ ਪੱਖੋਂ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਰਾਫੇਲ ਲੜਾਕੂ ਜਹਾਜ਼ ਦੀ ਫੌਜ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਾਡੀ ਹਵਾਈ ਸੈਨਾ ਦੀ ਤਾਕਤ ਵਧੇਗੀ। ਅਸੀਂ ਕਿਸੇ ਨੂੰ ਡਰਾਉਣ ਲਈ ਤਾਕਤ ਨਹੀਂ ਵਧਾਉਣਾ ਚਾਹੁੰਦੇ, ਪਰ ਆਪਣੀ ਸੁਰੱਖਿਆ ਲਈ ਤਾਕਤ ਵਧਾਉਣਾ ਚਾਹੁੰਦੇ ਹਾਂ।
ਸਿੰਘ ਨੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਨੇ ਸਵੈ-ਨਿਰਭਰ ਭਾਰਤ ਦੀ ਗੱਲ ਕੀਤੀ ਹੈ। ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਅਗਲੇ ਦਿਨੀਂ ਭਾਰਤ ਜਿਸ ਦਿਸ਼ਾ ਵੱਲ ਵਧ ਰਿਹਾ ਹੈ, ਅਗਲੇ ਕੁਝ ਸਾਲਾਂ ਵਿੱਚ ਵਿਸ਼ਵ ਦੀ ਕੋਈ ਤਾਕਤ ਭਾਰਤ ਨੂੰ ਸਵੈ-ਨਿਰਭਰ ਹੋਣ ਤੋਂ ਨਹੀਂ ਰੋਕ ਸਕਦੀ।" ਕੋਰੋਨਾ ਸੰਕਟ ਵੇਲੇ ਆਰਥਿਕਤਾ 'ਤੇ ਮਾੜਾ ਪ੍ਰਭਾਵ ਪਿਆ, ਪਰ ਸਾਡੇ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਲਈ 20 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ।
ਸਿੰਘ ਨੇ ਕਿਹਾ ਕਿ ਕੋਰੋਨਾ ਦੇ ਸੰਕਟ ਤੋਂ ਬਾਅਦ ਭਾਜਪਾ ਵੱਲੋਂ ਦੇਸ਼ ਦੇ ਮਜ਼ਦੂਰਾਂ ਅਤੇ ਦੇਸ਼ ਦੇ ਲੋਕਾਂ ਨਾਲ ਗੱਲਬਾਤ ਕਰਨ ਲਈ ਵਰਚੁਅਲ ਰੈਲੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਰਾਜਨੀਤੀ ਡਿਜੀਟਲ ਦੁਨੀਆ ਵੱਲ ਵੱਧ ਰਹੀ ਹੈ।