ਨਵੀਂ ਦਿੱਲੀ: ਰਾਜਧਾਨੀ ਦਿੱਲੀ 'ਚ ਕੋਰੋਨਾ ਪੀੜਤਾ ਦੀ ਗਿਣਤੀ 10 ਹਜ਼ਾਰ ਤੋਂ ਪਾਰ ਹੋ ਗਈ ਹੈ। ਹੁਣ ਤੱਕ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿੱਥੇ ਪੂਰੇ ਪਰਿਵਾਰ ਨੂੰ ਹੀ ਕੋਰੋਨਾ ਦਾ ਸ਼ਿਕਾਰ ਹੋਣਾ ਪਿਆ। ਕਈ ਪਰਿਵਾਰਾਂ ਨੇ ਆਪਣੇ ਹੌਂਸਲੇ ਨਾਲ ਕੋਰੋਨਾ ਦੀ ਜੰਗ ਜਿੱਤੀ ਹੈ। ਕੁੱਝ ਅਜਿਹੀ ਕਹਾਣੀ ਪੁਰਾਣੀ ਦਿੱਲੀ ਦੇ ਨਵਾਬਗੰਜ ਦੇ ਰਹਿਣ ਵਾਲੇ ਮੁਖ਼ਤਾਰ ਅਹਿਮਦ ਦੇ ਪਰਿਵਾਰ ਦੀ ਹੈ।
ਅਹਿਮਦ ਦੇ ਪਰਿਵਾਰ 'ਚ ਇਸ ਤਰ੍ਹਾਂ ਫੈਲਿਆ ਕੋਰੋਨਾ
ਮਈ ਮਹੀਨੇ ਦੀ ਗੱਲ ਹੈ ਜਦ ਮੁਖ਼ਤਾਰ ਤੇ ਉਨ੍ਹਾਂ ਦੇ ਪਰਿਵਾਰ ਦੇ ਦੋ ਮੈਂਬਰਾਂ ਦੀ ਤਬੀਅਤ ਖ਼ਰਾਬ ਹੋ ਗਈ ਸੀ। ਕੋਰੋਨਾ ਟੈਸਟ ਰਿਪੋਰਟ ਆਉਣ ਮਗਰੋਂ ਪਤਾ ਲੱਗਾ ਕਿ ਦੋਵੇਂ ਕੋਰੋਨਾ ਵਾਇਰਸ ਤੋਂ ਪੀੜਤ ਹਨ। ਇਸ ਤੋਂ ਬਾਅਦ ਦੋਵਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਸਿਹਤ ਵਿਭਾਗ ਵੱਲੋਂ ਉਨ੍ਹਾਂ ਦੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਦੇ ਵੀ ਟੈਸਟ ਲਏ ਗਏ ਤੇ ਉਹ ਸਾਰੇ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ। ਇਸ ਵਿਚਾਲੇ ਉਨ੍ਹਾਂ ਤੋਂ ਵੱਖ ਰਹਿਣ ਵਾਲੇ ਉਨ੍ਹਾਂ ਦੇ ਤਿੰਨ ਪੁੱਤਰ ਵੀ ਆਪਣੇ ਪਿਤਾ ਨੂੰ ਮਿਲਣ ਲਈ ਹਸਪਤਾਲ ਪੁਜੇ ਜਿਸ ਤੋਂ ਬਾਅਦ ਉਹ ਵੀ ਕੋਰੋਨਾ ਦੇ ਸ਼ਿਕਾਰ ਹੋ ਗਏ।
106 ਸਾਲਾ ਬਜ਼ੁਰਗ ਨੇ ਜਿੱਤੀ ਕੋਰੋਨਾ ਦੀ ਜੰਗ
ਇਸ ਪਰਿਵਾਰ ਦੇ ਵਿੱਚ ਕੁੱਲ 11 ਮੈਂਬਰ ਕੋਰੋਨਾ ਪੀੜਤ ਪਾਏ ਗਏ। ਹੁਣ ਇਸ ਪਰਿਵਾਰ ਦੇ ਸਾਰੇ ਹੀ ਮੈਂਬਰ ਕੋਰੋਨਾ ਵਾਇਰਸ ਦੀ ਜੰਗ ਜਿੱਤ ਚੁੱਕੇ ਹਨ। ਦੱਸ ਦਈਏ ਕਿ ਸਭ ਤੋਂ ਪਹਿਲਾਂ ਮੁਖ਼ਤਾਰ ਅਹਿਮਦ ਕੋਰੋਨਾ ਵਾਇਰਸ ਦੀ ਚਪੇਟ 'ਚ ਆਏ ਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਮੁਖ਼ਤਾਰ ਅਹਿਮਦ ਦੀ ਉਮਰ 106 ਸਾਲ ਹੈ। ਜਿਸ ਨੇ ਹੌਂਸਲੇ ਨਾਲ ਕੋਰੋਨਾ ਵਾਇਰਸ ਦੀ ਜੰਗ ਜਿੱਤ ਲਈ ਹੈ ਤੇ ਉਹ ਹੁਣ ਆਪਣੇ ਪਰਿਵਾਰਕ ਮੈਂਬਰਾਂ ਨਾਲ ਹਨ।
ਪਰਿਵਾਰ ਨੇ ਕੀਤੀ ਸੇਵਾ
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਮੁਖ਼ਤਾਰ ਅਹਿਮਦ ਨੇ ਦੱਸਿਆ ਕਿ ਪਰਿਵਾਰ ਨੇ ਉਨ੍ਹਾਂ ਦੀ ਬਹੁਤ ਸੇਵਾ ਤੇ ਦੇਖਭਾਲ ਕੀਤੀ। ਹਲਾਂਕਿ ਕੋਰੋਨਾ ਦੇ ਕਈ ਮਾਮਲਿਆਂ ਵਿੱਚ ਅਜਿਹਾ ਵੇਖਿਆ ਗਿਆ ਹੈ ਕਿ ਇਲਾਜ ਤੋਂ ਬਾਅਦ ਰਿਪੋਰਟ ਨੈਗੇਟਿਵ ਆਉਣ ਦੇ ਬਾਵਜੂਦ ਮਰੀਜ਼ ਦੇ ਘਰ ਪੁਜਣ 'ਤੇ ਪਰਿਵਾਰ 'ਚ ਡਰ ਦਾ ਮਾਹੌਲ ਹੁੰਦਾ ਹੈ।
ਹਸਪਤਾਲ ਵਾਪਸੀ ਮਗਰੋਂ ਵਰਤੀ ਸਾਵਧਾਨੀਆਂ
ਪਰਿਵਾਰ ਦੀ ਇੱਕ ਮਹਿਲਾ ਮੈਂਬਰ ਨੇ ਦੱਸਿਆ ਕਿ ਜਦ ਇਲਾਜ ਤੋਂ ਬਾਅਦ ਦੋਵੇਂ ਮੈਂਬਰ ਘਰ ਵਾਪਸ ਆਏ ਤਾਂ ਉਨ੍ਹਾਂ ਦੇ ਕਪੜੇ ਵੱਖ ਕੀਤੇ ਗਏ, ਖਾਣੇ ਲਈ ਵੱਖਰੇ ਭਾਂਡਿਆਂ ਦੀ ਵਰਤੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਹ ਤੇ ਉਨ੍ਹਾਂ ਦੀ ਬੇਟੀ ਤੈਯਬਾ ਤੇ ਪੋਤਾ ਵੀ ਕੋਰੋਨਾ ਤੋਂ ਪੀੜਤ ਸਨ।
ਗੈਰਾਂ ਨੇ ਰੱਖਿਆ ਆਪਣੀਆਂ ਵਰਗਾ ਧਿਆਨ
ਤੈਯਬਾ ਅਤੇ ਕੈਫ ਨੇ ਵੀ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਆਪਣੇ ਤਜ਼ਰਬੇ ਸਾਂਝੇ ਕੀਤੇ। ਇਸ ਗੱਲਬਾਤ ਦੌਰਾਨ, ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸਾਹਮਣੇ ਆਈ ਕਿ 106 ਸਾਲਾ ਬਜ਼ੁਰਗ ਦੀ, ਜਿਸ ਪਰਿਵਾਰ ਨੇ ਸੇਵਾ ਕੀਤੀ ਅਤੇ ਕੋਰੋਨਾ ਵਰਗੀ ਭਿਆਨਕ ਮਹਾਂਮਾਰੀ ਨੂੰ ਦੂਰ ਕਰਨ 'ਚ ਮਦਦ ਕੀਤੀ। ਉਹ ਉਨ੍ਹਾਂ ਦੇ ਰਿਸ਼ਤੇਦਾਰ ਨਹੀਂ ਸਨ। ਇਹ ਬਜ਼ੁਰਗ ਜੋੜਾ ਉਨ੍ਹਾਂ ਨੂੰ ਕੁੱਝ ਸਾਲ ਪਹਿਲਾਂ ਲਵਾਰਸ ਹਾਲਤ ਵਿੱਚ ਸੜਕ ਕਿਨਾਰੇ ਮਿਲੇ ਸਨ। ਇਹ ਲੋਕ ਉਦੋਂ ਤੋਂ ਇਸ ਪਰਿਵਾਰ ਦੇ ਨਾਲ ਰਹਿੰਦੇ ਹਨ।