ਨਵੀਂ ਦਿੱਲੀ: ਸੁਪਰੀਮ ਕੋਰਟ ਵਿੱਚ ਅੱਜ 84 ਕਤਲੇਆਮ ਮਾਮਲੇ ਵਿੱਚ ਸੁਣਵਾਈ ਹੋਈ। ਇਸ ਮਾਮਲੇ ਵਿੱਚ ਦੋਸ਼ੀ ਬਲਵੰਤ ਖੋਖਰ ਨੂੰ ਵੱਡਾ ਝਟਕਾ ਦਿੱਤਾ ਹੈ।
ਦਰਅਸਲ 1984 ਦੇ ਸਿੱਖ ਦੰਗਾ ਮਾਮਲੇ ਵਿੱਚ ਉਮਰ ਕੈਦ ਲਈ ਦੋਸ਼ੀ ਹੋਏ ਬਲਵੰਤ ਖੋਖਰ ਨੇ ਕੋਰੋਨਾ ਲਈ ਅੰਤਰਿਮ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। ਖੋਖਰ ਨੇ ਕਿਹਾ ਸੀ ਕਿ ਸ਼ਾਇਦ ਉਸ ਨੂੰ ਜੇਲ੍ਹ ਵਿੱਚ ਕੋਰੋਨਾ ਹੋ ਸਕਦਾ ਹੈ। ਇਸ ਲਈ ਉਸ ਨੂੰ ਅੰਤਰਿਮ ਜ਼ਮਾਨਤ ਜਾਂ ਪੈਰੋਲ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ 2 ਮਹੀਨੇ ਦੀ ਪੈਰੋਲ ਮੰਗੀ ਸੀ। ਇਸ ਪਟੀਸ਼ਨ 'ਤੇ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਕੀਤੀ ਗਈ। ਐਚਐਸ ਫੂਲਕਾ ਪੀੜਤ ਪੱਖ ਵੱਲੋਂ ਸਨ ਅਤੇ ਅਦਾਲਤ ਨੇ ਖੋਖਰ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ।
ਇਸ ਦੇ ਨਾਲ ਹੀ ਸੀਬੀਆਈ ਨੂੰ ਜਵਾਬ ਦਾਇਰ ਕਰਨ ਲਈ ਕਿਹਾ ਗਿਆ ਹੈ। 1984 ਵਿੱਚ ਦਿੱਲੀ ਕੈਂਟ 'ਚ 5 ਸਿੱਖਾਂ ਨੂੰ ਮਾਰਨ ਵਾਲਾ ਦੋਸ਼ੀ ਬਲਵੰਤ ਖੋਖਰ ਇਸ ਸਮੇਂ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ।