ਨਵੀਂ ਦਿੱਲੀ: ਭਾਰਤੀ ਫ਼ੌਜ ਅਤੇ ਚੀਨੀ ਫ਼ੌਜ (ਪੀਐਲਏ) ਵਿਚਾਲੇ ਸੱਤਵੇਂ ਕੋਰ ਕਮਾਂਡਰ ਪੱਧਰ ਦੀ ਮੀਟਿੰਗ ਤੋਂ ਪਹਿਲਾਂ ਲੱਦਾਖ ਵਿੱਚ ਭਾਰਤੀ ਫ਼ੌਜ ਦੀ ਅਗਵਾਈ ਵਿੱਚ ਬਦਲਾਅ ਕੀਤਾ ਗਿਆ ਹੈ। ਸੱਤਵੇਂ ਕੋਰ ਕਮਾਂਡਰ ਪੱਧਰ ਦੀ ਮੀਟਿੰਗ ਅਗਲੇ ਹਫ਼ਤੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹੁਣ ਤੱਕ ਪੀਐਲਏ ਦੇ ਨਾਲ ਗੱਲਬਾਤ ਵਿੱਚ ਭਾਰਤੀ ਮੈਂਬਰਾਂ ਦੇ ਵਫ਼ਦ ਦੀ ਅਗਵਾਈ 14 ਕੋਰ ਦੇ ਕਮਾਂਡਰ ਰਹੇ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਨੂੰ ਦੇਹਰਾਦੂਨ ਸਥਿਤ ਭਾਰਤੀ ਫੌਜੀ ਅਕਾਦਮੀ (ਆਈਐਮਏ) ਦੀ ਕਮਾਨ ਸੌਂਪੀ ਗਈ ਹੈ। ਈਟੀਵੀ ਭਾਰਤ ਨੂੰ ਸੂਤਰਾਂ ਨੇ ਦੱਸਿਆ ਕਿ ਲੈਫ਼ਟੀਨੈਂਟ ਜਨਰਲ ਪੀਜੀਕੇ ਮੇਨਨ ਤੋਂ ਇਲਾਵਾ ਭਾਰਤ ਦੇ ਵਿਦੇਸ਼ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਨਵੀਨ ਸ੍ਰੀਵਾਸਤਵ ਨਾਲ ਇਸ ਵਾਰੀ ਵੀ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਮੌਜੂਦ ਰਹਿਣਗੇ।
ਆਈਐਮਏ ਦਾ ਕਾਰਜਭਾਰ ਸੰਭਾਲਣ ਵਿੱਚ ਦੇਰ ਹੋਣ ਦੀ ਸੰਭਾਵਨਾ
ਜਨਰਲ ਹਰਿੰਦਰ ਸਿੰਘ ਨੂੰ ਛੇਤੀ ਹੀ ਦੇਹਰਾਦੂਨ ਵਿੱਚ ਭਾਰਤੀ ਫ਼ੌਜੀ ਅਕਾਦਮੀ (ਆਈਐਮਏ) ਦੇ ਕਮਾਂਡੈਂਟ ਵੱਜੋਂ ਆਪਣਾ ਅਗਲਾ ਕਾਰਜਭਾਰ ਸੰਭਾਲਣਾ ਹੈ। ਜਨਰਲ ਮੇਨਨ 14 ਕੋਰ ਦੇ ਕਮਾਂਡਰ ਦੇ ਰੂਪ ਵਿੱਚ ਕਾਰਜਭਾਰ ਸੰਭਾਲਣਗੇ। ਇਸ ਲਈ 21 ਸਤੰਬਰ ਨੂੰ ਹੋਈ ਮੀਟਿੰਗ ਵਿੱਚ ਜਨਰਲ ਮੇਨਨ ਨੂੰ ਸ਼ਾਮਲ ਕੀਤਾ ਗਿਆ ਸੀ, ਤਾਂ ਕਿ ਉਹ ਸਥਿਤੀ ਤੋਂ ਜਾਣੂੰ ਹੋ ਸਕਣ। ਆਈਐਮਏ ਦੇ ਪ੍ਰਮੁੱਖ ਲੈਫ਼ਟੀਨੈਂਟ ਜਨਰਲ ਜੈਵੀਰ ਸਿੰਘ ਨੇਗੀ (ਬੁੱਧਵਾਰ) ਸੇਵਾਮੁਕਤ ਹੋ ਗਏ। ਸੱਤਵੇਂ ਕੋਰ ਕਮਾਂਡਰ ਪੱਧਰ ਦੀ ਮੀਟਿੰਗ ਕਾਰਨ ਜਨਰਲ ਹਰਿੰਦਰ ਸਿੰਘ ਦੇ ਆਈਐਮਏ ਦਾ ਕਾਰਜਭਾਰ ਸੰਭਾਲਣ ਵਿੱਚ ਦੇਰ ਹੋਣ ਦੀ ਸੰਭਾਵਨਾ ਹੈ।
ਹੁਣ ਤੱਕ ਹੋਈਆਂ 6 ਮੀਟਿੰਗਾਂ ਬੇਨਤੀਜਾ ਰਹੀਆਂ
6 ਜੂਨ, 22 ਜੂਨ, 30 ਜੂਨ, 14 ਜੁਲਾਈ, 2 ਅਗਸਤ ਅਤੇ 21 ਸਤੰਬਰ ਨੂੰ ਕੋਰ ਕਮਾਂਡਰ ਪੱਧਰ 'ਤੇ ਹੋਈਆਂ 6 ਮੀਟਿੰਗਾਂ ਹੁਣ ਤੱਕ ਬੇਨਤੀਜਾ ਰਹੀਆਂ ਹਨ। ਇਸ ਦੌਰਾਨ 1959 ਵਿੱਚ ਤਤਕਾਲੀਨ ਚੀਨੀ ਪ੍ਰਧਾਨ ਮੰਤਰੀ ਚਾਓ ਐਨ ਲਾਈ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਲਿਖੇ ਪੱਤਰ ਦਾ ਹਵਾਲਾ ਦਿੰਦੇ ਹੋਏ ਚੀਨ ਉਸ ਅਨੁਸਾਰ ਵਿਵਾਦ ਹੱਲ ਕਰਨ ਦੀ ਮੰਗ ਕਰ ਰਿਹਾ ਹੈ। ਮੰਗਲਵਾਰ ਨੂੰ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ 1959 ਦੇ ਮਤੇ ਦੀ ਪ੍ਰਧਾਨਗੀ ਕੀਤੀ। ਚੀਨੀ ਬੁਲਾਰੇ ਨੇ ਕਿਹਾ ਕਿ ਚੀਨ ਲੱਦਾਖ ਨੂੰ ਭਾਰਤ ਦੇ ਕੇਂਦਰ ਸ਼ਾਸਿਤ ਖੇਤਰ ਦੇ ਰੂਪ ਵਿੱਚ ਮਾਨਤਾ ਨਹੀਂ ਦਿੰਦਾ ਹੈ। ਨਾਲ ਹੀ ਉਥੋਂ ਭਾਰਤ ਦੇ ਫ਼ੌਜੀ ਬੁਨਿਆਦੀ ਢਾਂਚੇ ਦੇ ਨਿਰਮਾਣ 'ਤੇ ਵੀ ਇਤਰਾਜ਼ ਜਤਾਇਆ।
ਟਕਰਾਅ ਵਧਾਉਣ ਦੀ ਇਹ ਸਪੱਸ਼ਟ ਕੋਸ਼ਿਸ਼
ਚੀਨ ਦੀ ਟਕਰਾਅ ਵਧਾਉਣ ਦੀ ਇਹ ਸਪੱਸ਼ਟ ਕੋਸ਼ਿਸ਼ ਵਿਖਾਈ ਦਿੰਦੀ ਹੈ। ਵਾਸਤਵਿਕ ਕੰਟਰੋਲ ਰੇਖਾ (ਐਲਏਸੀ) 'ਤੇ ਇੱਕ ਲੱਖ ਤੋਂ ਵੱਧ ਫ਼ੌਜੀ ਤੈਨਾਤ ਹਨ। ਟਕਰਾਅ ਨੂੰ ਦੂਰ ਕਰਨ ਲਈ ਫ਼ੌਜੀ ਗੱਲਬਾਤ ਤੋਂ ਇਲਾਵਾ ਸਬੰਧਿਤ ਰੱਖਿਆ ਮੰਤਰੀਆਂ, ਵਿਦੇਸ਼ ਮੰਤਰੀਆਂ ਅਤੇ ਵਿਸ਼ੇਸ਼ ਪ੍ਰਤੀਨਿਧੀਆਂ ਵਿਚਕਾਰ ਮੀਟਿੰਗਾਂ ਦੀ ਝੜੀ ਲੱਗੀ ਹੋਈ ਹੈ, ਪਰ ਗੱਲ ਨਹੀਂ ਬਣੀ। ਭਾਰਤ-ਚੀਨ ਸਰਹੱਦ ਮਾਮਲਿਆਂ 'ਤੇ ਸਲਾਹ ਅਤੇ ਤਾਲਮੇਲ ਲਈ ਕਾਰਜ ਪ੍ਰਣਾਲੀ ਦੀ ਮੀਟਿੰਗ (30 ਸਤੰਬਰ) ਨੂੰ 19ਵੀਂ ਵਾਰੀ ਹੋਈ ਅਤੇ ਐਲਏਸੀ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ।