ਰਾਂਚੀ: ਝਾਰਖੰਡ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਵਿੱਚ ਸਨਿੱਚਰਵਾਰ ਨੂੰ 13 ਸੀਟਾਂ ਉੱਤੇ ਕੁੱਲ 63.52 ਫੀਸਦੀ ਵੋਟਿੰਗ ਹੋਈ ਹੈ। ਅਧਿਕਾਰੀਆਂ ਮੁਤਾਬਕ ਕੁੱਝ ਥਾਵਾਂ ਉੱਤੇ ਹਿੰਸਾ ਦੀਆਂ ਮਾਮੂਲੀ ਘਟਨਾਵਾਂ ਵੇਖਣ ਨੂੰ ਮਿਲੀਆਂ ਅਤੇ ਕੁੱਝ ਥਾਵਾਂ ਉੱਤੇ ਸ਼ਾਂਤਮਈ ਢੰਗ ਨਾਲ ਚੋਣਾਂ ਹੋਈਆਂ।
ਸੂਬੇ ਦੀਆਂ 81 ਵਿਧਾਨ ਸਭਾ ਸੀਟਾਂ ਲਈ 5 ਗੇੜਾਂ ਵਿਚ ਵੋਟਿੰਗ ਹੋਣੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਕਸਲ ਪ੍ਰਭਾਵਿਤ ਇਲਾਕਿਆਂ ਵਿੱਚ ਸਭ ਤੋਂ ਵੱਧ ਵੋਟਿੰਗ ਹੋਈ ਹੈ, ਦੂਜੇ ਪਾਸੇ ਡਲਟਨਗੰਜ ਵਿੱਚ ਕਾਂਗਰਸ ਦੇ ਉਮੀਦਵਾਰ ਕ੍ਰਿਸ਼ਣਾਨੰਦ ਤ੍ਰਿਪਾਠੀ ਅਤੇ ਭਾਜਪਾ ਸਮਰਥਕਾਂ ਵਿਚਾਲੇ ਝੜਪ ਹੋਈ, ਜਿਸ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।
ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਵੋਟਾਂ ਪੈਣ ਦਾ ਸਮਾਂ ਖ਼ਤਮ ਹੋਣ ਤੱਕ ਕੁੱਲ 63.52 ਫੀਸਦੀ ਵੋਟਿੰਗ ਹੋਈ ਹੈ। ਉਨ੍ਹਾਂ ਦੱਸਿਆ ਕਿ ਅੰਤਮ ਰਿਪੋਰਟ ਮਿਲਣ ਤੱਕ, ਚਤਰਾ ਵਿੱਚ 56.59 ਫੀਸਦੀ, ਗੁਮਲਾ ਵਿੱਚ 67.30 ਫੀਸਦੀ, ਬਿਸ਼ੁਨਪੁਰ ਵਿੱਚ 67.06 ਫੀਸਦੀ, ਲੋਹਰਦਗਾ ਵਿੱਚ 64.16, ਮਨਿਕਾ ਵਿੱਚ 57.61, ਲਾਤੇਹਾਰ ਵਿੱਚ 61.26, ਪਾਂਕੀ ਵਿੱਚ 64.10, ਬਿਸ਼ਰਾਮਪੁਰ ਵਿੱਚ 61.60 ਫੀਸਦੀ, ਹੁਸੈਨਬਾਦ ਵਿੱਚ 60.90 ਫੀਸਦੀ, ਗੜ੍ਹਵਾ ਵਿੱਚ 66.04 ਅਤੇ ਭਵਨਾਥਪੁਰ ਵਿੱਚ 65.52 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ।
ਵੋਟਿੰਗ ਦੌਰਾਨ ਵੋਟਰਾਂ ਨੂੰ ਡਰਾਉਣ ਲਈ ਨਕਸਲੀਆਂ ਨੇ ਸਨਿੱਚਰਵਾਰ ਸਵੇਰੇ ਲਗਭਗ ਸਾਢੇ ਅੱਠ ਵਜੇ ਬਿਸ਼ੁਨਪੁਰ ਦੇ ਪਿੰਡ ਘਾਘਰਾ ਦੇ ਜੰਗਲ ਵਿੱਚ ਇੱਕ ਪੁਲ਼ੀ ਨੇੜੇ ਧਮਾਕਾ ਕੀਤਾ। ਇਸ ਧਮਾਕੇ ਵਿੱਚ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।